ਮਦਨ ਮੋਹਨ ਮਿੱਤਲ ਨੇ ਘਰੋਂ ਲਾਹਿਆ ਭਾਜਪਾ ਦਾ ਪਰਚਮ

By  Jasmeet Singh January 30th 2022 04:20 PM -- Updated: January 30th 2022 04:27 PM

ਸ੍ਰੀ ਆਨੰਦਪੁਰ ਸਾਹਿਬ: ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਮਗਰੋਂ ਅੱਜ ਉਨ੍ਹਾਂ ਆਪਣੇ ਸਾਥੀਆਂ ਦੇ ਨਾਲ ਆਪਣੇ ਘਰ ਤੋਂ ਭਾਜਪਾ ਦਾ ਪਰਚਮ ਉਤਾਰ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲਹਿਰਾ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਦੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

ਇਹ ਵੀ ਪੜ੍ਹੋ: ਕੈਨੇਡਾ ਵੱਲੋਂ ਭਾਰਤੀ ਯਾਤਰੀਆਂ ਲਈ ਟੈਸਟਿੰਗ ਨਿਯਮਾਂ 'ਚ ਢਿੱਲ

ਮਿੱਤਲ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਨਾਲ ਪਾਰਟੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਦੇਖਿਆ ਗਿਆ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਸਾਬਕਾ ਭਾਜਪਾ ਆਗੂ ਨੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਪ ਉਮੀਦਵਾਰ ਭਗਵੰਤ ਮਾਨ ਤੇ ਵੀ ਤੰਜ ਕੱਸਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹ ਇਨਸਾਨ ਹਨ ਜਿਹੜਾ ਜਿਸ ਵੀ ਪਾਰਟੀ ਵਿੱਚ ਗਿਆ ਉੱਥੇ ਕਲੇਸ਼ ਪਾਇਆ, ਭਗਵੰਤ ਮਾਨ ਬਾਰੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨਾ ਹੈ ਨਾ ਕਿ ਸੂਬੇ ਵਿੱਚ ਨਸ਼ਾ ਵਧਾਉਣਾ ਹੈ।

ਨਿਮਰਤਾ ਸਹਿਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਨਿਭਾਉਣ ਨੂੰ ਲੈਕੇ ਆਖਦਿਆਂ ਮਿੱਤਲ ਨੇ ਅੱਗੇ ਕਿਹਾ ਕਿ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸਿੱਖ ਪੰਥ ਦੇ ਹਵਾਲੇ ਕਰ ਰਹੇ ਹਨ। ਮਿੱਤਲ ਦੇ ਪੁੱਤਰ ਅਰਵਿੰਦ ਮਿੱਤਲ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਧੀਨ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਾ ਛੱਡਣ ਦੀ ਗੱਲ ਆਖੀ ਗਈ।

ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਵਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਜ਼ਬਰਦਸਤ ਵਿਰੋਧ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਵੀ ਮਦਨ ਮੋਹਨ ਮਿੱਤਲ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ। ਇਨ੍ਹਾਂ ਦੋਹਾਂ ਮੈਂਬਰਾਂ ਨੇ ਕਿਹਾ ਕਿ ਮਿੱਤਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਜੋਸ਼ ਦੇ ਵਿੱਚ ਵਾਧਾ ਹੋਇਆ ਹੈ।

-PTC News

Related Post