ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਕਮੇਟੀ ਕਰੇਗੀ ਮੱਦਦ

By  Jashan A August 9th 2019 03:38 PM

ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਕਮੇਟੀ ਕਰੇਗੀ ਮੱਦਦ,ਅੰਮ੍ਰਿਤਸਰ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਅੰਦਰ ਭਾਰੀ ਬਾਰਿਸ਼ ਕਾਰਨ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮੱਦਦ ਕਰਨ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਦੇ ਜ਼ਿਲ੍ਹਾ ਕੋਹਲਾਪੁਰ ’ਚ ਕਸਬਾ ਸਾਂਗਲੀ ਅੰਦਰ ਭਾਰੀ ਬਾਰਿਸ਼ ਮਗਰੋਂ ਪਾਣੀ ਦੀ ਮਾਰ ਝੱਲ ਰਹੇ ਸਥਾਨਕ ਨਿਵਾਸੀਆਂ ਦੀ ਸਾਰ ਲੈਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਨੂੰ ਭੇਜਿਆ ਹੈ।

ਇਸ ਤੋਂ ਇਲਾਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵੀ ਮੌਕੇ ਦੇ ਹਲਾਤ ਵੇਖਣ ਅਤੇ ਲੋਕਾਂ ਦੀ ਮੱਦਦ ਲਈ ਬਾਵਾ ਨਾਲ ਗਏ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੇ ਕਸਬਾ ਸਾਂਗਲੀ ’ਚ ਲੋਕਾਂ ਨੂੰ ਬੇਘਰ ਹੋਣਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪ੍ਰਭਾਵਤਾਂ ਦੀ ਮੱਦਦ ਕਰਨ ਲਈ ਆਦੇਸ਼ ਜਾਰੀ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਉਥੇ ਲੋਕਾਂ ਨੂੰ ਦਵਾਈਆਂ ਅਤੇ ਲੋੜੀਂਦੇ ਕੱਪੜੇ ਆਦਿ ਮੁਹੱਈਆ ਕਰਵਾ ਰਹੀ ਹੈ, ਜਿਸ ਲਈ ਬਾਵਾ ਤੇ ਮਿਨਹਾਸ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਅਤੇ ਜਦੋਂ ਜਦੋਂ ਵੀ ਕੁਦਰਤੀ ਆਫ਼ਤਾਂ ਕਾਰਨ ਮਾਨਵਤਾ ਸੰਕਟ ਵਿਚ ਆਈ ਹੈ ਉਦੋਂ ਹੀ ਸ਼੍ਰੋਮਣੀ ਕਮੇਟੀ ਨੇ ਪਹਿਲਕਦਮੀ ਕਰਦਿਆਂ ਮੱਦਦ ਲਈ ਵੱਡੇ ਕਾਰਜ ਕੀਤੇ ਹਨ।

-PTC News

Related Post