ਮਾਨਸਾ 'ਚ 2 ਹੋਰ ਔਰਤਾਂ ਨੂੰ ਹੋਇਆ ਕੋਰੋਨਾ ਵਾਇਰਸ, ਜ਼ਿਲ੍ਹੇ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5

By  Shanker Badra April 7th 2020 12:38 PM

ਮਾਨਸਾ 'ਚ 2 ਹੋਰ ਔਰਤਾਂ ਨੂੰ ਹੋਇਆ ਕੋਰੋਨਾ ਵਾਇਰਸ, ਜ਼ਿਲ੍ਹੇ 'ਚ ਪ੍ਰਭਾਵਿਤ ਮਰਕਜ਼ ਜਮਾਤੀਆਂ ਦੀ ਗਿਣਤੀ ਹੋਈ 5:ਬੁਢਲਾਡਾ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਹੈ। ਪੰਜਾਬ 'ਚ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਮਾਨਸਾ 'ਚ ਅੱਜ 2 ਹੋਰ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਮਾਨਸਾ ਦੇ ਬੁਢਲਾਡਾ ਦੀ ਮਸਜਿਦ 'ਚ ਰਹਿ ਰਹੇ 10 ਜਮਾਤੀਆਂ 'ਚੋਂ ਬੀਤੇ 2 ਅਪ੍ਰੈਲ ਨੂੰ 3 ਦੇ ਨਮੂਨੇ ਪਾਜ਼ਟਿਵ ਆਉਣ ਤੋਂ ਬਾਅਦ ਅੱਜ 2 ਹੋਰਨਾਂ ਔਰਤਾਂ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 5 ਹੋ ਗਈ ਹੈ। ਇਸ ਸਾਰੇ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਸਮਾਗਮ ਚੋਂ ਪਰਤੇ ਸਨ।

ਦੱਸਣਾ ਬਣਦਾ ਹੈ ਕਿ ਇਨ੍ਹਾਂ ਪਾਜ਼ੀਟਿਵ ਪਾਏ ਗਏ ਮਰੀਜਾਂ ਦੇ ਸੰਪਰਕ 'ਚ ਆਉਣ ਵਾਲੇ ਸਥਾਨਕ 11 ਨਮਾਜ਼ੀਆਂ ਦੇ 4 ਅਪ੍ਰੈਲ ਨੂੰ ਲਏ ਗਏ ਨਮੂਨਿਆਂ ਚੋਂ ਬੀਤੀ ਰਾਤ 7 ਜਣਿਆ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਉਦਯੋਗਿਕ ਸਿਖਲਾਈ ਸੰਸਥਾ ਬੁਢਲਾਡਾ ਵਿਖੇ ਇਕਾਂਤਵਾਸ 'ਚ ਰੱਖੇ ਇਨ੍ਹਾਂ 7 ਜਣਿਆਂ ਨੂੰ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਘਰੋ-ਘਰੀ ਛੱਡ ਦਿੱਤਾ ਗਿਆ ਸੀ ਜਦਕਿ 4 ਹੋਰਨਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 92 ਦੇ ਕਰੀਬ ਪਾਜ਼ੀਟਿਵ ਮਾਮਲੇ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19 , ਮੋਹਾਲੀ - 26 , ਹੁਸ਼ਿਆਰਪੁਰ -7, ਜਲੰਧਰ -6 , ਅੰਮ੍ਰਿਤਸਰ -11 , ਲੁਧਿਆਣਾ -6 , ਮਾਨਸਾ -5 , ਰੋਪੜ -3 , ਫਰੀਦਕੋਟ-1, ਪਠਾਨਕੋਟ- 2 , ਫਤਿਹਗੜ੍ਹ ਸਾਹਿਬ -2, ਮੋਗਾ -1 ਬਰਨਾਲਾ -1 , ਕਪੂਰਥਲਾ -1, ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 4 ਮਰੀਜ਼ ਠੀਕ ਹੋ ਚੁੱਕੇ ਹਨ।

-PTCNews

Related Post