ਮੱਤੇਵਾੜਾ ਜੰਗਲ: ਵਾਤਾਵਰਨ ਪ੍ਰੇਮੀਆਂ ਨੇ ਕੇਕ ਕੱਟ ਕੇ ਮਨਾਇਆ ਵੱਡੀ ਜਿੱਤ ਦਾ ਜਸ਼ਨ

By  Pardeep Singh July 11th 2022 09:04 PM

ਲੁਧਿਆਣਾ: ਜੇਕਰ ਮਨੁੱਖ ਨੇ ਕੁਦਰਤ ਵੱਲੋਂ ਸਿਰਜੇ ਕੁਦਰਤ ਦੇ ਸੰਤੁਲਨ ਨੂੰ ਨਾ ਕਾਇਮ ਰੱਖਿਆ ਅਤੇ ਖਾਸ ਕਰਕੇ ਆਪਣੇ ਚੌਗਿਰਦੇ ਅਤੇ ਜੰਗਲਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵਾਤਾਵਰਣ ਪ੍ਰਦੂਸ਼ਣ ਦਾ ਸ਼ਿਕਾਰ ਹੋ ਜਾਵਾਂਗੇ। ਉੱਘੇ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਹਰਜਿੰਦਰ ਸਿੰਘ ਕੁਕਰੇਜਾ ਨੇ ਮੱਤੇਵਾੜਾ ਪਬਲਿਕ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਜੰਗਲ ਮੱਤੇਵਾੜਾ ਨੂੰ ਬਚਾਉਣ ਲਈ ਆਪਣੇ ਰੈਸਟੋਰੈਂਟ, ਮੇਨ ਬਜ਼ਾਰ ਸਰਾਭਾ ਨਗਰ, ਲੁਧਿਆਣਾ ਵਿੱਚ ਗਰਮ ਰੋਟੀ/ਬੇਲਫਰਾਂਸ ਦੇ ਬਾਹਰ ਸ਼ੁਰੂ ਕੀਤੇ ਸੰਘਰਸ਼ ਦੀ ਜਿੱਤ ਦੀ ਖੁਸ਼ੀ ਸਮੂਹ ਵਾਤਾਵਰਣ ਪ੍ਰੇਮੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲ ਨੂੰ ਸਾਫ਼ ਕਰਕੇ ਟੈਕਸਟਾਈਲ ਇੰਡਸਟਰੀ ਪਾਰਕ ਸਥਾਪਤ ਕਰਨ ਦਾ ਫੈਸਲਾ ਵਾਤਾਵਰਨ ਲਈ ਸਿੱਧਾ ਖਤਰਾ ਹੈ।  ਇਹ ਸਤਲੁਜ ਦਰਿਆ ਦੇ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕਰਨ ਦਾ ਕੰਮ ਸੀ। ਇਸ ਨੂੰ ਰੋਕਣ ਲਈ ਮੱਤੇਵਾੜਾ ਪਬਲਿਕ ਐਕਸ਼ਨ ਕਮੇਟੀ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਵਾਤਾਵਰਨ ਪ੍ਰੇਮੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਿਆ। ਜਿਸ ਕਾਰਨ ਪੰਜਾਬ ਸਰਕਾਰ ਨੂੰ ਲਿਆ ਗਿਆ ਗਲਤ ਫੈਸਲਾ ਵਾਪਸ ਲੈਣਾ ਪਿਆ। ਇਸ ਮੌਕੇ ਪੀਏਸੀ ਮੱਤੇਵਾੜਾ ਦੇ ਵਾਤਾਵਰਨ ਪ੍ਰੇਮੀ ਜਸਕੀਰਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵਾਤਾਵਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੋ ਸਕਾਂਗੇ। ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਕਿਹਾ ਕਿ ਵਿਸ਼ਵ ਭਰ ਵਿੱਚ ਵਿਗੜ ਰਿਹਾ ਕੁਦਰਤ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਸਮੁੱਚੀ ਮਨੁੱਖਤਾ ਲਈ ਇੱਕ ਗੰਭੀਰ ਚੁਣੌਤੀ ਹੈ ਜਦੋਂ ਕਿ ਖੁਰਾਕੀ ਉਤਪਾਦਨ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਦਾ ਵਾਤਾਵਰਨ ’ਤੇ ਸਿੱਧਾ ਅਸਰ ਪੈਂਦਾ ਹੈ। ਇਹ ਮਨੁੱਖੀ ਸਿਹਤ ਅਤੇ ਪੰਛੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਨੂੰ ਇਸ ਬਾਰੇ ਵੱਡੇ ਪੱਧਰ 'ਤੇ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਿਹਤਮੰਦ ਭੋਜਨ ਖਾਣ ਅਤੇ ਜੈਵਿਕ ਖੇਤੀ ਉਤਪਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਮਹਾਨ ਵਾਕ ‘ਪਵਨ ਗੁਰੂ ਪਾਣੀ ਪਿਤਾ’ ਨੂੰ ਮੁੱਖ ਰੱਖਦੇ ਹੋਏ। ਪੰਜਾਬ ਸਰਕਾਰ ਨੂੰ ਪੰਜਾਬ ਦੇ ਜੰਗਲਾਂ ਅਤੇ ਦਰਿਆਵਾਂ ਦੇ ਨੇੜੇ ਕੋਈ ਵੀ ਉਦਯੋਗ ਨਹੀਂ ਲਗਾਉਣਾ ਚਾਹੀਦਾ ਜਿਸ ਨਾਲ ਪੰਜਾਬ ਸੂਬੇ ਦੀ ਉਪਜਾਊ ਸ਼ਕਤੀ ਪੈਦਾ ਹੋਵੇ। ਇਸ ਮੌਕੇ  ਸਤਿੰਦਰ ਸਿੰਘ ਕੁਕਰੇਜਾ, ਮੋਹਿਤ ਜੈਨ, ਹਰਜਿੰਦਰ ਸਿੰਘ ਕੁਕਰੇਜਾ, ਗੁਰਸਾਹਿਬ ਸਿੰਘ, ਮੋਹਿਤ ਸਾਗਰ, ਕਪਿਲ ਅਰੋੜਾ, ਕਰਨਲ ਲਖਨ ਪਾਲ, ਜਸਕੀਰਤ ਸਿੰਘ, ਰਣਜੋਧ ਸਿੰਘ, ਸਮਿਤਾ ਕੌਰ ਹਾਜ਼ਰ ਸਨ। ਤੁਹਾਨੂੰ ਦੱਸ ਦੇਈਏ ਕਿ ਜਿਹੜਾ ਕੇਕ ਕੱਟਿਆ ਗਿਆ ਹੈ ਉਸ ਦਾ ਭਾਰ 50 ਕਿਲੋ ਸੀ। ਇਸ ਕੇਕ ਨੂੰ ਜੰਗਲ ਥੀਮ ਉੱਤੇ ਬਣਾਇਆ ਗਿਆ ਸੀ। ਵਾਤਾਵਰਣ ਪ੍ਰੇਮੀਆ ਨੇ ਜਿੱਤ ਦਾ ਜਸ਼ਨ ਬਣਾਇਆ।

Related Post