26 ਇੰਚ ਦੇ ਸ਼ਾਨਦਾਰ ਡੌਲ਼ਿਆਂ ਵਾਲੇ ਮਾਡਲ ਤੇ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ

By  Panesar Harinder August 29th 2020 01:49 PM -- Updated: August 29th 2020 05:49 PM

ਚੰਡੀਗੜ੍ਹ - ਪੰਜਾਬੀ ਮਨੋਰੰਜਨ ਜਗਤ ਅਤੇ ਫਿਟਨੈੱਸ ਉਦਯੋਗ ਦੇ ਨਾਲ ਨਾਲ ਖੇਡ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ, ਅਤੇ ਇਸ ਝਟਕੇ ਦਾ ਕਾਰਨ ਹੈ ਮਸ਼ਹੂਰ ਬਾਡੀ ਬਿਲਡਰ ਅਤੇ ਮਾਡਲ ਸਤਨਾਮ ਖੱਟੜਾ ਦੀ ਮੌਤ। ਜੀ ਹਾਂ, ਉਹੀ ਸਤਨਾਮ ਖੱਟੜਾ ਜਿਸ ਦੇ ਦਰਸ਼ਨੀ ਸਰੀਰ ਨੂੰ ਦੇਖ ਕੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਜਿੰਮ, ਕਸਰਤ ਅਤੇ ਸਰੀਰ ਕਮਾਉਣ ਦੀ ਚੇਟਕ ਲੱਗੀ।

bodybuilder Satnam Khattra died

31 ਸਾਲਾ ਸਤਨਾਮ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਦੱਸੀ ਜਾ ਰਹੀ ਹੈ। ਸਤਨਾਮ ਦੇ ਕੋਚ ਰੋਹਿਸ਼ ਖਹਿਰਾ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਦਿੱਤੀ ਅਤੇ ਇਹ ਖ਼ਬਰ ਅੱਜ ਪੰਜਾਬ ਸਮੇਤ ਦੇਸ਼-ਦੁਨੀਆ 'ਚ ਸਤਨਾਮ ਦੇ ਚਾਹੁਣ ਵਾਲਿਆਂ ਤੱਕ ਜੰਗਲ ਦੀ ਅੱਗ ਵਾਂਗ ਫ਼ੈਲ ਰਹੀ ਹੈ।

bodybuilder Satnam Khattra died

ਸਤਨਾਮ ਦੇ ਕੋਚ ਰੋਹਿਸ਼ ਖਹਿਰਾ ਤੋਂ ਇਲਾਵਾ ਕਬੱਡੀ ਖਿਡਾਰੀ ਸਤਨਾਮ ਸੌਂਸਪੁਰ ਨੇ ਵੀ ਸਤਨਾਮ ਖੱਟੜਾ ਦੀ ਮੌਤ ਬਾਰੇ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ 'ਤੇ ਪਾਈ। ਮੌਤ ਦੀ ਖ਼ਬਰ ਆਉਣ ਤੋਂ ਬਾਅਦ, ਸੋਸ਼ਲ ਮੀਡੀਆ ਦੇ ਵੱਖੋ-ਵੱਖ ਪਲੇਟਫਾਰਮਾਂ 'ਤੇ ਅੱਜ ਸਤਨਾਮ ਖੱਟੜਾ ਦਾ ਨਾਂਅ ਬਹੁਤ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ।

bodybuilder Satnam Khattra died

ਜ਼ਿਕਰਯੋਗ ਹੈ ਕਿ ਜਿੰਮ 'ਚ ਦਿਨ-ਰਾਤ ਪਸੀਨਾ ਵਹਾ ਕੇ ਤਰਾਸ਼ੇ ਸਰੀਰ ਵਾਲਾ ਸਤਨਾਮ ਨੌਜਵਾਨਾਂ 'ਚ ਚਰਚਿਤ ਨਾਂਅ ਸੀ। ਦੱਸਿਆ ਜਾਂਦਾ ਹੈ ਕਿ ਸਤਨਾਮ ਦੇ 26 ਇੰਚ ਦੇ ਵਿਸ਼ਾਲ ਡੌਲ਼ੇ ਸੀ, ਅਤੇ ਉਸ ਦੇ ਚਾਹੁਣ ਵਾਲੇ ਉਸ ਨੂੰ 'ਡੌਲ਼ਾ ਮੈਨ' ਵੀ ਕਹਿ ਦਿਆ ਕਰਦੇ ਸਨ। ਫੇਸਬੁੱਕ, ਇੰਸਟਾਗ੍ਰਾਮ ਅਤੇ tik-tok 'ਤੇ ਉਸ ਦੇ ਹਜ਼ਾਰਾਂ ਫੌਲੋਅਰਜ਼ ਸੀ ਅਤੇ ਉਸ ਕੋਲ ਇੱਕ ਵੱਡਾ ਫੈਨਜ਼ ਅਧਾਰ ਸੀ। ਬਾਡੀ ਬਿਲਡਿੰਗ 'ਚ ਮਦਦ ਕਰਨ ਵਾਲੇ ਕਈ ਖੁਰਾਕ ਉਤਪਾਦਾਂ ਦਾ ਉਹ ਬ੍ਰੈਂਡ ਐਂਬੈਸਡਰ ਵੀ ਸੀ।

ਪੰਜਾਬ ਦੇ ਨੌਜਵਾਨਾਂ ਲਈ ਸਤਨਾਮ ਖੱਟੜਾ ਇੱਕ ਵੱਡੀ ਪ੍ਰੇਰਨਾ ਸੀ, ਅਤੇ ਸਦਾ ਰਹੇਗਾ। ਉਸ ਦੇ ਚਾਹੁਣ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ, ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਤਨਾਮ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀ ਨਿਵਾਸ ਬਖਸ਼ਿਸ਼ ਕਰਨ ਅਤੇ ਉਸ ਦੇ ਪਰਿਵਾਰ ਨੂੰ ਇਸ ਅਸਹਿ ਦੁੱਖ ਭਰੇ ਸਮੇਂ 'ਚ ਭਾਣਾ ਮੰਨਣ ਦੀ ਹਿੰਮਤ ਬਖਸ਼ਣ।

Related Post