ਮੋਗਾ ਕੋਰੀਅਰ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਚੜਿਆ ਪੁਲਿਸ ਅੜਿੱਕੇ ,ਇਸ ਕਰਕੇ ਕੀਤਾ ਸੀ ਲਿਫ਼ਾਫ਼ੇ 'ਚ ਬੰਬ ਫਿੱਟ

By  Shanker Badra October 4th 2018 11:59 AM

ਮੋਗਾ ਕੋਰੀਅਰ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਚੜਿਆ ਪੁਲਿਸ ਅੜਿੱਕੇ ,ਇਸ ਕਰਕੇ ਕੀਤਾ ਸੀ ਲਿਫ਼ਾਫ਼ੇ 'ਚ ਬੰਬ ਫਿੱਟ:ਮੋਗਾ ਸ਼ਹਿਰ ਦੇ ਚੈਂਬਰ ਰੋਡ ਸਥਿਤ ਇੱਕ ਕੋਰੀਅਰ ਕਰਾਉਣ ਵਾਲੀ ਦੁਕਾਨ ਅੰਦਰ ਬੀਤੀ 26 ਸਤੰਬਰ ਨੂੰ ਕੋਰੀਅਰ ਵਾਲੇ ਇੱਕ ਲਿਫ਼ਾਫ਼ੇ 'ਚ ਅਚਾਨਿਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਦੋਂ ਦੁਕਾਨਦਾਰ ਨੇ ਕੋਰੀਅਰ ਪਾਰਸਲ ਖੋਲ੍ਹਿਆ ਤਾਂ ਅਚਾਨਕ ਬੰਬ ਫੱਟ ਗਿਆ ਸੀ।ਇਸ ਮਾਮਲੇ ਵਿਚ ਦੁਕਾਨਦਾਰ ਵਿਕਾਸ ਸੂਦ ਗੰਭੀਰ ਜ਼ਖਮੀ ਹੋ ਗਿਆ ਸੀ।ਦੱਸਿਆ ਜਾਂਦਾ ਹੈ ਕਿ ਕੋਰੀਅਰ ਪਾਰਸਲ ਭੇਜਣ ਵਾਲਾ ਕੋਈ ਅਣਪਛਾਤਾ ਵਿਅਕਤੀ ਸੀ ਤੇ ਉਸ ਨੇ ਆਪਣਾ ਪਤਾ ਵੀ ਗਲਤ ਲਿਖਾਇਆ ਹੋਇਆ ਸੀ ਪਰ ਜਿਸ ਸਥਾਨ 'ਤੇ ਇਹ ਪਾਰਸਲ ਪਹੁੰਚਣਾ ਸੀ,ਉਹ ਸੰਗਰੂਰ ਦੇ ਨਿਵਾਸੀ ਭੁਪੇਸ਼ ਰਾਜੇਆਣਾ ਦਾ ਪਤਾ ਸੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਛਾਣਬੀਣ ਕਰ ਰਹੀ ਸੀ, ਉਥੇ ਤਿੰਨ ਵੱਡੀਆਂ ਖੁਫੀਆ ਏਜੰਸੀਆਂ ਵੀ ਇਸ ਮਾਮਲੇ ਵਿਚ ਲੱਗੀਆਂ ਹੋਈਆਂ ਸਨ।ਇਸ ਮਾਮਲੇ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਗਏ ਤਾਂ ਪਾਰਸਲ ਕਰਨ ਵਾਲਾ ਵਿਅਕਤੀ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਿਆ ਸੀ।ਜਿਸ ਤੋਂ ਬਾਅਦ ਸੰਗਰੂਰ ਨਿਵਾਸੀ ਭੁਪੇਸ਼ ਰਾਜੇਆਣਾ ਤੋਂ ਕੀਤੀ ਗਈ ਪੁੱਛ ਗਿੱਛ ਤੋਂ ਬਾਅਦ ਮੋਗਾ ਪੁਲਿਸ ਦੀ ਟੀਮ ਉੜੀਸਾ ਜਾ ਪਹੁੰਚੀ,ਜਿੱਥੇ ਉਨ੍ਹਾਂ ਨੇ ਭੁਪੇਸ਼ ਰਾਜੇਆਣਾ ਦਾ ਕਰੀਬੀ ਰਿਸ਼ਤੇਦਾਰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਭੁਪੇਸ਼ ਰਾਜੇਆਣਾ ਦੀ ਸੱਸ ਦਾ ਦੇਹਰਾਦੂਨ ਵਿਚ ਸਾਲ 2016 ਵਿਚ ਕਤਲ ਹੋ ਗਿਆ ਸੀ ਅਤੇ ਭੁਪੇਸ਼ ਰਾਜੇਆਣਾ ਜਿੱਥੇ ਆਪਣੀ ਸੱਸ ਦੇ ਕਤਲ ਦੀ ਪੈਰਵੀ ਕਰ ਰਿਹਾ ਸੀ,ਉੱਥੇ ਉਹ ਜਾਇਦਾਦ ਦੀ ਦੇਖਭਾਲ ਵੀ ਕਰਦਾ ਸੀ।ਜਾਇਦਾਦ ਨੂੰ ਹੜੱਪਣ ਵਾਸਤੇ ਹੀ ਦੋਸ਼ੀ ਨੇ ਬੰਬ ਤਿਆਰ ਕਰਵਾ ਕੇ ਭੁਪੇਸ਼ ਰਾਜੇਆਣਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ। -PTCNews

Related Post