60 ਤੋਂ ਵੱਧ ਕਾਂਗਰਸ ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ 'ਚ ਛੱਡੀ ਪਾਰਟੀ

By  Jasmeet Singh August 30th 2022 05:52 PM -- Updated: August 30th 2022 06:52 PM

ਰਾਜਨੀਤੀ ਜਗਤ: ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਅੱਜ ਵੱਡਾ ਝੱਟਕਾ ਲੱਗਿਆ। ਸੋਨੀਆ ਗਾਂਧੀ ਦੀ ਪ੍ਰਧਾਨਗੀ ਵਾਲੀ ਕਾਂਗਰਸ ਦੀ ਸੂਬਾਈ ਇਕਾਈ 'ਜੰਮੂ-ਕਸ਼ਮੀਰ ਕਾਂਗਰਸ' ਦੇ 60 ਤੋਂ ਵੱਧ ਕਾਂਗਰਸੀ ਨੇਤਾਵਾਂ ਸਣੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ 'ਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਨੇ 26 ਅਗਸਤ ਨੂੰ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਤਿੱਖੀ ਆਲੋਚਨਾ ਕਰਦਿਆਂ ਕਾਂਗਰਸ ਨਾਲ ਆਪਣੀ ਕਰੀਬ 50 ਸਾਲ ਪੁਰਾਣੀ ਸਾਂਝ ਨੂੰ ਖਤਮ ਕਰ ਦਿੱਤਾ ਸੀ। ਉਸਤੋਂ ਅਗਲੇ ਹੀ ਦਿਨ ਆਜ਼ਾਦ ਨੇ ਐਲਾਨਿਆ ਕਿ ਹੁਣ ਉਹ ਛੇਤੀ ਹੀ ਇੱਕ ਨਵੀਂ ਪਾਰਟੀ ਸਥਾਪਤ ਕਰਨਗੇ। 73 ਸਾਲਾ ਬਜ਼ੁਰਗ ਨੇ ਦੋਸ਼ ਲਾਇਆ ਕਿ ਸੋਨੀਆ ਗਾਂਧੀ ਸਿਰਫ਼ ਇਕ ਮੂਰਤ ਸਨ ਅਤੇ ਸਾਰੇ ਫ਼ੈਸਲੇ ਰਾਹੁਲ ਗਾਂਧੀ ਜਾਂ ਉਨ੍ਹਾਂ ਦੇ ਨਿੱਜੀ ਸਹਾਇਕ ਅਤੇ ਸੁਰੱਖਿਆ ਗਾਰਡਾਂ ਦੁਆਰਾ ਲਏ ਜਾਂਦੇ ਸਨ।

ਜੰਮੂ ਸੂਬੇ ਦੇ 64 ਨੇਤਾਵਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਾਂਝਾ ਅਸਤੀਫਾ ਪੱਤਰ ਸੌਂਪਿਆ। ਅਸਤੀਫ਼ਾ ਦੇਣ ਵਾਲਿਆਂ ਵਿੱਚ ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ, ਮਨੋਹਰ ਲਾਲ ਸ਼ਰਮਾ ਅਤੇ ਘਰੂ ਰਾਮ ਵੀ ਸ਼ਾਮਲ ਹਨ।

ਬੀਤੇ ਦਿਨ (ਸੋਮਵਾਰ) ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ ਸਮੇਤ ਚਾਰ ਕਾਂਗਰਸੀ ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਸੀ। ਡੋਡਾ ਤੋਂ ਪਾਰਟੀ ਦੇ 12 ਵਰਕਰਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ ਅਤੇ ਆਜ਼ਾਦ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ।

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੰਜ ਸਾਬਕਾ ਵਿਧਾਇਕਾਂ ਜੀ.ਐੱਮ. ਸਰੋਰੀ, ਹਾਜੀ ਅਬਦੁਲ ਰਸ਼ੀਦ, ਮੁਹੰਮਦ ਅਮੀਨ ਭੱਟ, ਗੁਲਜ਼ਾਰ ਅਹਿਮਦ ਵਾਨੀ ਅਤੇ ਚੌਧਰੀ ਮੁਹੰਮਦ ਅਕਰਮ ਨੇ ਕਾਂਗਰਸ ਨਾਲ ਆਪਣਾ ਨਾਤਾ ਖਤਮ ਕਰ ਲਿਆ ਸੀ।


ਇਹ ਵੀ ਪੜ੍ਹੋ: ਧਾਰਾ 295 ਤਹਿਤ 150 ਨਿਹੰਗ ਸਿੰਘਾਂ 'ਤੇ ਦਰਜ ਕੀਤੇ ਮੁਕੱਦਮੇ ਦਾ ਸ੍ਰੀ ਅਕਾਲ ਤਖ਼ਤ ਵੱਲੋਂ ਸਖ਼ਤ ਵਿਰੋਧ



-PTC News

Related Post