ਸਿੱਧੂ ਦੇ ਪੀਏ ਵੱਲੋਂ ਰਿਸ਼ਵਤ ਲੈਣ ਲਈ ਮਜ਼ਬੂਰ ਕੀਤੇ ਜਾ ਰਹੇ ਅਧਿਕਾਰੀ ਨੇ ਸਵੈ-ਇੱਛਤ ਸੇਵਾਮੁਕਤੀ ਮੰਗੀ

By  Jashan A March 19th 2019 07:05 PM

ਸਿੱਧੂ ਦੇ ਪੀਏ ਵੱਲੋਂ ਰਿਸ਼ਵਤ ਲੈਣ ਲਈ ਮਜ਼ਬੂਰ ਕੀਤੇ ਜਾ ਰਹੇ ਅਧਿਕਾਰੀ ਨੇ ਸਵੈ-ਇੱਛਤ ਸੇਵਾਮੁਕਤੀ ਮੰਗੀ,ਚੰਡੀਗੜ: ਸਥਾਨਕ ਸਰਕਾਰਾਂ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਨੇ ਇਸ ਲਈ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਖਾਸ ਕਰਕੇ ਸਥਾਨਕ ਸਰਕਾਰਾਂ ਮੰਤਰੀ ਦੇ ਪੀਏ ਵੱਲੋਂ ਲੋਕਾਂ ਕੋਲੋਂ ਰਿਸ਼ਵਤ ਲੈਣ ਲਈ ਪਾਏ ਜਾ ਰਹੇ ਦਬਾਅ ਨੂੰ ਬਰਦਾਸ਼ਤ ਨਹੀਂ ਕਰ ਸਕਿਆ।

ਇਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਇਮਾਨਦਾਰ ਅਧਿਕਾਰੀਆਂ ਉੱਤੇ ਕਾਂਗਰਸੀ ਮੰਤਰੀਆਂ ਵੱਲੋਂ ਲੋਕਾਂ ਕੋਲੋਂ ਰਿਸ਼ਵਤ ਦੇ ਰੂਪ ਵਿਚ ਪੈਸਾ ਇਕੱਠਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਸਕੂਲੀ ਬੱਚਿਆਂ ਨੂੰ ਸਰਦੀਆਂ ਵਾਸਤੇ ਵਰਦੀਆਂ ਦੇਣ ਤੋਂ ਇਨਕਾਰ ਕਰਨ ਲਈ ਮਨਪ੍ਰੀਤ ਬਾਦਲ ਅਸਤੀਫਾ ਦੇਵੇ ਤੇ ਮੁਆਫੀ ਮੰਗੇ: ਅਕਾਲੀ ਦਲ

ਉਹਨਾਂ ਦੱਸਿਆ ਕਿ ਈਓ ਰਾਕੇਸ਼ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਕੋਲ ਤਿੰਨ ਕਮੇਟੀਆਂ ਨਾਭਾ, ਅਮਰਗੜ ਅਤੇ ਭਵਾਨੀਗੜ ਦਾ ਚਾਰਜ ਹੈ, ਜਿਸ ਕਰਕੇ ਉਸ ਉੱਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਇਸ ਵਾਸਤੇ ਸਿੱਧਾ ਮੰਤਰੀ ਦੇ ਪੀਏ ਰਮਨ ਕੁਮਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰਾਕੇਸ਼ ਕੁਮਾਰ ਨੇ ਕਿਹਾ ਕਿ ਕੰਮ ਤੋਂ ਇਲਾਵਾ ਉਸ ਉੱਤੇ ਮੁੱਖ ਦਫਤਰ ਦੁਆਰਾ ਭਾਰੀ ਮਾਤਰਾ ਵਿਚ ਪੈਸਾ ਇਕੱਠਾ ਕਰਨ ਲਈ ਬੋਝ ਪਾਇਆ ਜਾ ਰਿਹਾ ਹੈ। ਪੈਸਾ ਇਕੱਠਾ ਕਰਨ ਦੇ ਨਿਰਦੇਸ਼ ਪੀਏ ਕੋਲੋ ਆਉਂਦੇ ਹਨ, ਜਿਸ ਨਾਲ ਇੱਕ ਈਮਾਨਦਾਰ ਅਧਿਕਾਰੀ ਲਈ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ, ਕਿਉਕਿ ਉਸ ਕੋਲੋਂ ਨਾਜਾਇਜ਼ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ।

ਰੱਖੜਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਵਿਭਾਗ ਵਿਚ ਕੀ ਕੁਝ ਹੋ ਰਿਹਾ ਹੈ। ਉਹਨਾਂ ਕਿਹਾ ਕਿ ਰਾਕੇਸ਼ ਕੁਮਾਰ ਦੀ ਸਵੈ-ਇੱਛਤ ਸੇਵਾਮੁਕਤੀ ਦੀ ਬੇਨਤੀ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਅਧਿਕਾਰੀ ਨੂੰ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਅਧਿਕਾਰੀ ਜਾਂ ਮੰਤਰੀ ਦਾ ਸਹਾਇਕ ਉਸ ਨੂੰ ਨਜਾਇਜ਼ ਢੰਗ ਨਾਲ ਪੈਸੇ ਇਕੱਠੇ ਕਰਨ ਲਈ ਮਜ਼ਬੂਰ ਨਹੀਂ ਕਰੇਗਾ।

-PTC News

Related Post