ਬਰਗਾੜੀ ਦੇ ਮੁੱਖ ਦੋਸ਼ੀ ਦੇ ਜੇਲ੍ਹ 'ਚ ਹਮਲੇ ਦੌਰਾਨ ਮਾਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤੱਥਾਂ ਦੀ ਪੜਤਾਲ ਦੀ ਜਾਂਚ ਦੇ ਹੁਕਮ

By  Jashan A June 22nd 2019 09:57 PM

ਬਰਗਾੜੀ ਦੇ ਮੁੱਖ ਦੋਸ਼ੀ ਦੇ ਜੇਲ੍ਹ 'ਚ ਹਮਲੇ ਦੌਰਾਨ ਮਾਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤੱਥਾਂ ਦੀ ਪੜਤਾਲ ਦੀ ਜਾਂਚ ਦੇ ਹੁਕਮ,ਚੰਡੀਗੜ/ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ 'ਤੇ ਹੋਏ ਘਾਤਕ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਹਨਾਂ ਨੇ ਹਮਲਾਵਰਾਂ ਲਈ ਸਖ਼ਤ ਸਜ਼ਾ ਦੀ ਚਿਤਾਵਨੀ ਦਿੱਤੀ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਏ.ਡੀ.ਜੀ.ਪੀ. ਜੇਲ੍ਹਾਂ ਰੋਹਿਤ ਚੌਧਰੀ ਤੱਥਾਂ ਦੀ ਪੜਤਾਲ ਕਰਨ ਵਾਲੀ ਕਮੇਟੀ ਦੇ ਮੁਖੀ ਹੋਣਗੇ ਅਤੇ ਕਮੇਟੀ ਨੂੰ ਤਿੰਨ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੋਸ਼ੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਵਿੱਚ ਲਾਜ਼ਮੀ ਜੂਡੀਸ਼ੀਅਲ ਪੜਤਾਲ ਤੋਂ ਇਲਾਵਾ ਇਹ ਜਾਂਚ ਹੋਵੇਗੀ। ਬਿੱਟੂ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ: ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੋਟਾਲਾ: ਇਹਨਾਂ 'ਤੇ ਹੋਏ ਮਾਮਲੇ ਦਰਜ

ਇਸ ਹਮਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਮਲਾਵਰਾਂ ਨੂੰ ਇਸ ਜ਼ੁਰਮ ਵਾਸਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

ਬੁਲਾਰੇ ਅਨੁਸਾਰ ਇਹ ਘਟਨਾ ਸ਼ਾਮ 5:15 ਵਜੇ ਉਸੇ ਵੇਲੇ ਵਾਪਰੀ ਜਦੋਂ ਬਿੱਟੂ 'ਤੇ ਹੋਰਨਾਂ ਕੈਦੀਆਂ ਨੇ ਹਮਲਾ ਕਰ ਦਿੱਤਾ। ਉਸ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਬੁਲਾਰੇ ਅਨੁਸਾਰ ਮੁਢਲੀ ਜਾਂਚ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਰੀਦਕੋਟ ਦੇ ਬਿੱਟੂ (49) 'ਤੇ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਹਮਲਾ ਕੀਤਾ ਗਿਆ ਹੈ ਜੋ ਇਕ ਕਤਲ ਕੇਸ ਵਿੱਚ ਜੇਲ 'ਚ ਸਨ।

-PTC News

Related Post