PTC News
Search

ਦਿੱਲੀ ਦੇ ਸੀਮਾਪੁਰੀ ਵਿੱਚ 4 ਮੰਜ਼ਿਲਾ ਇਮਾਰਤ ਡਿੱਗੀ , ਕਈਆਂ ਦੇ ਫਸੇ ਹੋਣ ਦਾ ਖਦਸ਼ਾ, ਬਚਾਅ ਕਾਰਜ ਜਾਰੀ

ਕਈ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ

By  Jaswinder Kaur October 7th 2026 06:12 PM

ਦਿੱਲੀ ਵਿੱਚ 4 ਮੰਜ਼ਿਲਾ ਇਮਾਰਤ ਡਿੱਗੀ : ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਖੇਤਰ ਵਿੱਚ ਅੱਜ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ, ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਜਿਸਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਮਲਬਾ ਨੇੜਲੇ ਦੋ ਜਾਂ ਤਿੰਨ ਘਰਾਂ ਦੇ ਹਿੱਸਿਆਂ 'ਤੇ ਵੀ ਡਿੱਗਿਆ। ਦਿੱਲੀ ਫਾਇਰ ਸਰਵਿਸ ਨੂੰ ਦੁਪਹਿਰ 3:30 ਵਜੇ ਦੇ ਕਰੀਬ ਇਮਾਰਤ ਢਹਿਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਦਿੱਲੀ ਪੁਲਿਸ, ਨਗਰ ਨਿਗਮ ਦੇ ਅਧਿਕਾਰੀ ਅਤੇ ਸਿਵਲ ਡਿਫੈਂਸ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

 ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਰਾਜੇਂਦਰ ਪ੍ਰਸਾਦ ਮੀਣਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਬਚਾ ਕੇ ਹਸਪਤਾਲ ਭੇਜਿਆ ਗਿਆ ਹੈ, ਜਦੋਂ ਕਿ ਦੋ ਜਾਂ ਤਿੰਨ ਲੋਕਾਂ ਦੇ ਅਜੇ ਵੀ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ "ਇਹ 225 ਵਰਗ ਫੁੱਟ ਦੇ ਖੇਤਰ ਵਿੱਚ ਬਣੀ ਚਾਰ ਮੰਜ਼ਿਲਾ ਇਮਾਰਤ ਹੈ। ਕੁਝ ਲੋਕਾਂ ਨੂੰ ਬਚਾ ਕੇ ਹਸਪਤਾਲ ਭੇਜਿਆ ਗਿਆ ਹੈ, ਪਰ ਸਾਨੂੰ ਡਰ ਹੈ ਕਿ ਦੋ ਜਾਂ ਤਿੰਨ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ। ਬਚਾਅ ਕਾਰਜ ਜਾਰੀ ਹੈ।"

ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਨੇੜਲੇ ਨਿਵਾਸੀਆਂ ਨੇ ਚਾਰ ਜਾਂ ਪੰਜ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਦੋਂ ਕਿ ਬਚਾਅ ਕਾਰਜ ਚੱਲ ਰਹੇ ਸਨ। "ਪੁਲਿਸ ਲਗਭਗ ਅੱਧੇ ਘੰਟੇ ਬਾਅਦ ਪਹੁੰਚੀ। ਇੱਕ ਬੱਚਾ ਅਜੇ ਵੀ ਫਸਿਆ ਹੋਇਆ ਹੈ ਅਤੇ ਕੁਝ ਲੋਕਾਂ ਨੂੰ ਸਥਾਨਕ ਲੋਕਾਂ ਨੇ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਮੈਂ ਖੁਦ ਸੀਪੀਆਰ ਦਿੱਤਾ। ਦੋ ਜਾਂ ਤਿੰਨ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ।

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਮੰਗਲਵਾਰ ਰਾਤ ਨੂੰ ਉੱਤਰਾਖੰਡ 'ਚ ਆਏ  ਭੂਚਾਲ ਦੇ ਝਟਕਿਆ ਕਾਰਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਇਮਾਰਤ ਵਿੱਚ ਤਰੇੜਾਂ ਆ ਗਈਆਂ ਸੀ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਡਿੱਗਣ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਦਿੱਲੀ ਟ੍ਰੈਫਿਕ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸੀਮਾਪੁਰੀ ਖੇਤਰ ਤੋਂ ਬਚਣ ਲਈ ਕਿਹਾ ਹੈ। ਸੀਮਾਪੁਰੀ ਚੌਕ, ਡੀਐਲਐਫ ਭੋਪੁਰਾ ਅਤੇ ਆਲੇ ਦੁਆਲੇ ਦੀਆਂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

ਪੁਲਿਸ ਨੇ ਲੋਕਾਂ ਨੂੰ ਘਟਨਾ ਸਥਾਨ ਦੇ ਨੇੜੇ ਰੁਕਣ, ਪਾਰਕਿੰਗ ਕਰਨ ਜਾਂ ਇਕੱਠੇ ਹੋਣ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਖੁੱਲ੍ਹੀ ਰੱਖਣ ਨਾਲ ਐਂਬੂਲੈਂਸਾਂ ਅਤੇ ਬਚਾਅ ਵਾਹਨਾਂ ਨੂੰ ਤੇਜ਼ੀ ਨਾਲ ਅੱਗੇ ਵਧਣ ਵਿੱਚ ਮਦਦ ਮਿਲੇਗੀ।


Related Post