14 ਮਾਰਚ ਤੋਂ ਰਣਜੀਤ ਐਵਨਿਊ ਦੇ ਦੁਸਹਿਰਾ ਮੈਦਾਨ ਵਿੱਚ ਲੱਗੇਗਾ 10 ਦਿਨਾਂ ਸਰਸ ਮੇਲਾ- ਡਿਪਟੀ ਕਮਿਸ਼ਨਰ

ਦੇਸ਼ ਭਰ ਦੇ ਕਲਾਕਾਰਾਂ ਨੂੰ ਮੰਚ ਦੇਣ ਦੇ ਯਤਨਾਂ ਤਹਿਤ ਅੰਮ੍ਰਿਤਸਰ ਵਿੱਚ 14 ਮਾਰਚ ਤੋਂ 23 ਮਾਰਚ ਤੱਕ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ।

By  Amritpal Singh February 20th 2025 02:06 PM -- Updated: February 20th 2025 02:10 PM

ਅੰਮ੍ਰਿਤਸਰ- ਦੇਸ਼ ਭਰ ਦੇ ਕਲਾਕਾਰਾਂ ਨੂੰ ਮੰਚ ਦੇਣ ਦੇ ਯਤਨਾਂ ਤਹਿਤ ਅੰਮ੍ਰਿਤਸਰ ਵਿੱਚ 14 ਮਾਰਚ ਤੋਂ 23 ਮਾਰਚ ਤੱਕ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੇ ਇਸ ਸਬੰਧੀ ਕੀਤੀ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ ਹੱਥ ਕਿਰਤਾਂ ਬਣਾਉਣ ਵਾਲੇ ਕਲਾਕਾਰਾਂ ਅਤੇ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਮੇਲਾ ਰਣਜੀਤ ਐਵਨਿਊ ਦੇ ਦੁਸ਼ਹਿਰਾ ਮੈਦਾਨ ਵਿੱਚ ਲਗਾਇਆ ਜਾਵੇਗਾ।

ਸਾਹਨੀ ਨੇ ਦੱਸਿਆ ਕਿ ਹੁਣ ਤੱਕ 174 ਸਟਾਲ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਲਾਕਾਰਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ। ਜਿਸ ਵਿੱਚ ਜੰਡਿਆਲਾ ਗੁਰੂ ਦੇ ਭਾਂਡੇ ਬਣਾਉਣ ਵਾਲੇ ਠਠਿਆਰ ਅਤੇ ਅੰਮ੍ਰਿਤਸਰ ਦੀ ਸ਼ਤਰੰਜ ਨੂੰ ਵੀ ਯੋਗ ਸਥਾਨ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਹੱਥ ਕਿਰਤਾਂ ਅਤੇ ਸਮਾਨ ਲੋਕਾਂ ਦੇ ਖਰੀਦਣ ਲਈ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਰਵਾਇਤੀ ਖਾਣਿਆਂ ਦਾ ਫੂਡ ਸਟਾਲ ਮੇਲੀਆਂ ਲਈ ਵਿਸ਼ੇਸ਼ ਆਕਰਸ਼ਣ ਹੋਵੇਗਾ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਜੋ ਕੇ ਸੈਲਾਨੀਆਂ ਦਾ ਗੜ ਹੈ, ਵਿੱਚ ਸਰਸ ਮੇਲਾ ਦਾ ਹੋਣਾ ਟੂਰਿਜ਼ਮ ਇੰਡਸਟਰੀ ਨੂੰ ਹੋਰ ਪ੍ਰਫੁਲਿਤ ਕਰੇਗਾ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਵਿੱਚ ਇਹ ਮੇਲਾ ਹਰ ਸਾਲ ਕਰਵਾਇਆ ਜਾਵੇ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿੱਚ ਰੋਜ਼ਾਨਾ ਸ਼ਾਮ ਨੂੰ ਪੰਜਾਬੀ ਕਲਾਕਾਰਾਂ ਦੀ ਸਟੇਜ ਲੱਗੀ, ਜਿਸ ਵਿੱਚ ਨਾਮਵਰ ਪੰਜਾਬੀ ਗਾਇਕ ਰਾਜ਼ਵੀਰ ਜਵੰਦਾ, ਗੁਰਲੇਜ ਅਖਤਰ, ਨਿਰਵੈਰ ਪੰਨੂ ਅਤੇ ਹੋਰ ਵੱਡੇ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਮੇਲੇ ਵਿੱਚ ਰਵਾਇਤੀ ਪੋਸ਼ਾਕ ਪਾ ਕੇ ਆਉਣ ਵਾਲੇ ਮੇਲੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 

Related Post