ਇੱਕ ਪੈਨ ਕਾਰਡ 'ਤੇ ਬਣੇ 1000 ਖਾਤੇ! ਪੜ੍ਹੋ ਕਿਵੇਂ RBI ਦੀ ਰਾਡਾਰ 'ਚ ਆਇਆ Paytm Payments ਬੈਂਕ

By  KRISHAN KUMAR SHARMA February 4th 2024 04:39 PM

Paytm Ban: ਪੇਟੀਐਮ ਪੇਮੈਂਟ ਬੈਂਕ 'ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਕਾਰੋਬਾਰ ਬਾਜ਼ਾਰ 'ਚ ਹਲਚਲ ਮੱਚ ਗਈ ਹੈ। ਜਿਥੇ ਗਾਹਕਾਂ 'ਤੇ ਵੀ ਇਸ ਦਾ ਅਸਰ ਵਿਖਾਈ ਦੇ ਰਿਹਾ ਹੈ, ਉਥੇ ਪੇਟੀਐਮ ਪੇਮੈਂਟਸ ਬੈਂਕ (paytm-payments-ban) ਦਾ ਭਵਿੱਖ ਵੀ ਖਤਰੇ 'ਚ ਹੈ। ਹਾਲਾਂਕਿ ਇਸ ਪਿੱਛੇ ਕਾਰਨ ਕੀ ਹਨ, ਕਿ ਗੱਲ ਇੱਥੋਂ ਤੱਕ ਪਹੁੰਚ ਗਈ, ਜਿਸ ਨਾਲ ਇਹ ਪੇਮੈਂਟ ਦਾ ਇਹ ਆਨਲਾਈਨ ਪਲੇਟਫਾਰਮ ਆਰਬੀਆਈ ਦੇ ਸ਼ਿਕੰਜੇ 'ਚ ਆ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਆਨਲਾਈਨ ਪਲੇਟਫਾਰਮ (online-payment-frauds) ਨੇ ਬਿਨਾਂ ਸਹੀ ਪਛਾਣ ਕਈ ਸੈਂਕੜੇ ਖਾਤੇ ਬਣਾਏ, ਜਿਸ ਕਾਰਨ ਇਹ ਆਰਬੀਆਈ ਦੀ ਰਾਡਾਰ 'ਤੇ ਹੈ।

ਪੂਰਨ KYC ਨਾ ਹੋਏ ਇਨ੍ਹਾਂ ਖਾਤਿਆਂ ਨੇ ਪਲੇਟਫਾਰਮ 'ਤੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਸੀ, ਜਿਸ ਨੇ ਸੰਭਾਵੀ ਮਨੀ ਲਾਂਡਰਿੰਗ ਦਾ ਖਦਸ਼ਾ ਵਧਾ ਦਿੱਤਾ। ਰਿਪੋਰਟਾਂ ਦੀ ਮੰਨੀਏ ਤਾਂ ਇਹ ਪਾਇਆ ਗਿਆ ਕਿ 1,000 ਤੋਂ ਵੱਧ ਉਪਭੋਗਤਾਵਾਂ ਦੇ ਖਾਤੇ ਸਿਰਫ ਇੱਕ ਪੈਨ ਨੰਬਰ ਨਾਲ ਜੁੜੇ ਹੋਏ ਸਨ। ਇੰਨਾ ਹੀ ਨਹੀਂ ਜਦੋਂ ਆਰਬੀਆਈ ਅਤੇ ਆਡੀਟਰ ਨੇ ਬੈਂਕ ਦੀ ਕੰਪਲਾਇੰਸ ਰਿਪੋਰਟ ਦੀ ਜਾਂਚ ਕੀਤੀ ਤਾਂ ਇਹ ਵੀ ਗਲਤ ਪਾਈ ਗਈ। ਸੂਤਰਾਂ ਅਨੁਸਾਰ RBI ਨੂੰ ਚਿੰਤਾ ਹੈ ਕਿ ਕੁਝ ਖਾਤਿਆਂ ਦੀ ਵਰਤੋਂ ਮਨੀ ਲਾਂਡਰਿੰਗ (Money laundering) ਲਈ ਕੀਤੀ ਜਾ ਸਕਦੀ ਹੈ।

ਦਸਤਾਵੇਜ਼ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚੇ

ਆਰਬੀਆਈ ਨੇ ਆਪਣੀ ਜਾਂਚ ਦੇ ਨਤੀਜਿਆਂ ਦੀ ਰਿਪੋਰਟ ਈਡੀ, ਗ੍ਰਹਿ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦਿੱਤੀ ਹੈ। ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਰਾਇਟਰਜ਼ ਨੂੰ ਦੱਸਿਆ ਕਿ ਜੇਕਰ ਕੋਈ ਗੈਰ-ਕਾਨੂੰਨੀ ਗਤੀਵਿਧੀ ਦਾ ਸਬੂਤ ਮਿਲਦਾ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਪੇਟੀਐਮ ਪੇਮੈਂਟਸ ਬੈਂਕ ਦੀ ਜਾਂਚ ਕਰੇਗਾ।

ਲੈਣ-ਦੇਣ 'ਚ ਨਹੀਂ ਸੀ ਪਾਰਦਰਸ਼ਤਾ

ਇਹ ਵੀ ਰਿਪੋਰਟਾਂ ਹਨ ਕਿ ਗਰੁੱਪ ਦੇ ਅੰਦਰ ਕੀਤੇ ਗਏ ਲੈਣ-ਦੇਣ ਵਿੱਚ ਕੋਈ ਪਾਰਦਰਸ਼ਤਾ ਨਹੀਂ ਸੀ। ਕੇਂਦਰੀ ਬੈਂਕ ਦੀ ਜਾਂਚ ਵਿੱਚ ਪ੍ਰਬੰਧਕਾਂ ਦੇ ਮਿਆਰਾਂ ਵਿੱਚ ਕਮੀਆਂ ਦਾ ਵੀ ਖੁਲਾਸਾ ਹੋਇਆ ਹੈ। ਖਾਸ ਤੌਰ 'ਤੇ ਪੇਟੀਐਮ ਪੇਮੈਂਟਸ ਬੈਂਕ ਅਤੇ ਇਸਦੀ ਮੂਲ ਕੰਪਨੀ One97 ਕਮਿਊਨੀਕੇਸ਼ਨਜ਼ ਲਿਮਟਿਡ ਵਿਚਕਾਰ ਸਬੰਧਾਂ ਵਿੱਚ। ਪੇਟੀਐਮ ਦੇ ਮੂਲ ਐਪ ਰਾਹੀਂ ਕੀਤੇ ਗਏ ਲੈਣ-ਦੇਣ ਨੇ ਡੇਟਾ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਵਧਾਇਆ, ਜਿਸ ਕਾਰਨ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਰਾਹੀਂ ਲੈਣ-ਦੇਣ ਬੰਦ ਕਰਨ ਦਾ ਫੈਸਲਾ ਲਿਆ।

Related Post