'ਤੂੰ ਕੀ ਜਾਣੇ ਜੱਟੀਏ ਜੱਟ ਜਗਾੜੀ ਹੁੰਦੇ ਆ' ਸਰ੍ਹੋਂ ਦੇ ਖੇਤ 'ਚ ਲਗਾਏ ਅਫੀਮ ਦੇ 1100 ਬੂਟੇ, ਮਾਮਲਾ ਦਰਜ

By  Amritpal Singh March 19th 2024 12:31 PM

Punjab News: ਜਲਾਲਾਬਾਦ ਦੇ ਸਰਹੱਦੀ ਪਿੰਡ ਢਾਣੀ ਬਚਨ ਸਿੰਘ ਵਿਖੇ ਸ਼ਾਮ ਸਮੇਂ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ 'ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਢਾਣੀ ਬਚਨ ਸਿੰਘ ਵਿਖੇ ਇੱਕ ਸ਼ਖਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਹਨ, ਜਿਸ ਤੋਂ ਬਾਅਦ ਬੀਐਸਐਫ ਅਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਕੀਤੀ ਗਈ ਤਾਂ 1100- 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਹੋਏ।

ਇਸ ਦੇ ਨਾਲ ਹੀ ਇਹਨਾਂ ਬੂਟਿਆਂ ਦਾ ਵਜ਼ਨ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ , ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਫੌਰੀ ਤੌਰ ਤੇ ਪੋਸਤ ਦੀ ਖੇਤੀ ਕਰਨ ਵਾਲੇ ਸ਼ਖਸ ਨੂੰ ਵੀ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਥਾਣਾ ਸਦਰ ਜਲਾਲਾਬਾਦ ਵਿਖੇ ਪੁਲਿਸ ਦੇ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਧਰ ਅਫੀਮ ਦੇ ਬੂਟਿਆਂ ਦੇ ਨਾਲ ਕਾਬੂ ਕੀਤੇ ਸ਼ਖਸ ਨੇ ਵੀ ਆਪਣਾ ਬਿਆਨ ਦਿੱਤਾ ਉਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੋਸਤ ਖਾ ਰਿਹਾ ਹੈ ਅਤੇ ਉਹ ਆਦੀ ਹੈ ਹੁਣ ਪੋਸਟ ਬਹੁਤ ਮਹਿੰਗਾ ਹੈ ਅਤੇ ਮਿਲਦਾ ਵੀ ਨਹੀਂ ਜਿਸ ਦੇ ਚਲਦੇ ਉਸ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਹੀ ਇਹ ਬੂਟੇ ਲਗਾ ਲਏ ਗਏ ਸਨ, ਉਸ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਸਾਢੇ ਤਿੰਨ ਕਿੱਲੇ ਜ਼ਮੀਨ ਹ ਅਤੇ ਦਿਹਾੜੀ ਦੱਪਾ ਕਰਦਾ ਹੈ।

ਇਸ ਮਾਮਲੇ ਤੇ ਚੌਂਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ ਨੇ ਆਪਣੇ ਖੇਤ ਵਿਚ ਪੋਸਤ ਦੇ ਬੂਟੇ ਲਾਏ ਹੋਏ ਹਨ। ਬੀ ਐਸ ਐਫ ਅਤੇ ਪੁਲਿਸ ਦੇ ਸਾਂਝੇ ਅਪਰੇਸ਼ਨ ਦੌਰਾਨ ਕਰੀਬ 1100 ਤੋਂ 1200 ਬੂਟੇ ਬਰਾਮਦ ਕੀਤੇ ਜਿਨ੍ਹਾਂ ਦਾ ਕੁਲ ਵਜਨ 13 ਕਿਲੋ 400 ਗ੍ਰਾਮ ਹੋਇਆ । ਪੁਲਿਸ ਅੱਗੇ ਦੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ।

Related Post