Gurdaspur 'ਚ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ ,CCTV ਆਈ ਸਾਹਮਣੇ
Gurdaspur News : ਗੁਰਦਾਸਪੁਰ ਦੇ ਜੇਲ੍ਹ ਰੋਡ 'ਤੇ ਸਥਿਤ ਔਸੀ ਹੱਬ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਨੂੰ ਕੁਝ ਦਿਨ ਪਹਿਲਾਂ ਫਿਰੌਤੀ ਲਈ ਕਾਲ ਵੀ ਆਈ ਸੀ। ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਇਸ ਵਕਤ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਮੋਟਰਸਾਈਕਲ ਸਵਾਰ ਆਏ ਨੌਜਵਾਨਾਂ ਨੇ ਦੋ ਰਾਉਂਡ ਫਾਇਰ ਕੀਤੇ ਹਨ ਅਤੇ ਪੁਲਿਸ ਨੂੰ ਮੌਕੇ ਤੋਂ ਦੋ ਖੋਲ ਵੀ ਬਰਾਮਦ ਹੋਏ ਹਨ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਘਟਨਾ ਸਥਾਨ 'ਤੇ ਪਹੁੰਚੇ ਐਸਪੀ ਡੀਕੇ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਫਾਇਰਿੰਗ ਹੋਈ ਹੈ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਨੌਜਵਾਨ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਦੂਸਰਾ ਨੌਜਵਾਨ ਮੋਟਰਸਾਈਕਲ 'ਤੇ ਬੈਠਾ ਹੋਇਆ ਹੈ।
ਉਹਨਾਂ ਦੇ ਕਹਿਣ ਮੁਤਾਬਕ ਕਿ ਮਾਲਕ ਨੂੰ ਡਰਾਉਣ ਦੇ ਲਈ ਏਅਰ ਗਨ ਦੇ ਨਾਲ ਫਾਇਰ ਕੀਤਾ ਗਿਆ ਹੈ ਅਤੇ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਹਨ ਜੋ ਕਿ ਪੁਰਾਣੇ ਲੱਗਦੇ ਹਨ ਪਰ ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਲਕ ਨੂੰ ਫਿਰੌਤੀ ਦੇ ਲਈ ਕੁੱਝ ਦਿਨ ਪਹਿਲਾਂ ਕਾਲ ਆਈ ਸੀ ,ਜਿਸ ਕਰਕੇ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਪੀਸੀਆਰ ਦੇ ਮੁਲਾਜ਼ਮ ਲਗਾਏ ਗਏ ਸਨ ਪਰ ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਦਾ ਕਹਿਣਾ ਸੀ ਕੇ ਉਹਨਾਂ ਦਾ ਬਿਜ਼ਨਸ ਖਰਾਬ ਹੁੰਦਾ ਹੈ। ਇਸ ਲਈ ਪੀਸੀਆਰ ਵਾਪਸ ਕਰ ਦਿੱਤੇ ਗਏ ਸੀ ਪਰ ਫਿਰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
- PTC NEWS