2006 Mumbai Train Blasts ਮਾਮਲੇ ’ਚ ਸਾਰੇ ਮੁਲਜ਼ਮ ਬਰੀ, 11 ਮਿੰਟਾਂ ’ਚ ਇੱਕ ਤੋਂ ਇੱਕ ਧਮਾਕਿਆਂ ਨਾਲ ਦਹਿਲ ਗਈ ਸੀ ਮੁੰਬਈ !
ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਮੁੰਬਈ ਟ੍ਰੇਨ ਧਮਾਕਿਆਂ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। 11 ਜੁਲਾਈ 2006 ਨੂੰ ਹੋਏ ਧਮਾਕੇ ਦੇ ਮਾਮਲੇ ਵਿੱਚ, ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਉਨ੍ਹਾਂ ਵਿਰੁੱਧ ਕੇਸ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ।
2006 Mumbai Train Blasts News : ਬੰਬੇ ਹਾਈ ਕੋਰਟ ਨੇ ਮੁੰਬਈ ਟ੍ਰੇਨ ਧਮਾਕੇ ਮਾਮਲੇ ’ਚ ਵੱਡਾ ਫੈਸਲਾ ਸੁਣਾਇਆ ਹੈ। ਦੱਸ ਦਈਏ ਕਿ ਬੰਬੇ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਮੁੰਬਈ ਟ੍ਰੇਨ ਧਮਾਕਿਆਂ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। 11 ਜੁਲਾਈ 2006 ਨੂੰ ਹੋਏ ਧਮਾਕੇ ਦੇ ਮਾਮਲੇ ਵਿੱਚ, ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਉਨ੍ਹਾਂ ਵਿਰੁੱਧ ਕੇਸ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। 19 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿੱਚ 180 ਲੋਕਾਂ ਦੀ ਮੌਤ ਹੋ ਗਈ ਸੀ।
19 ਸਾਲ ਬਾਅਦ ਆਇਆ ਫੈਸਲਾ
ਇਹ ਫੈਸਲਾ ਸ਼ਹਿਰ ਦੇ ਪੱਛਮੀ ਰੇਲਵੇ ਨੈੱਟਵਰਕ ਨੂੰ ਹਿਲਾ ਦੇਣ ਵਾਲੇ ਅੱਤਵਾਦੀ ਹਮਲੇ ਦੇ 19 ਸਾਲ ਬਾਅਦ ਆਇਆ ਹੈ। ਇਸ ਹਮਲੇ ਵਿੱਚ 180 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਜਸਟਿਸ ਅਨਿਲ ਕਿਲੋਰ ਅਤੇ ਜਸਟਿਸ ਸ਼ਿਆਮ ਚੰਦਕ ਦੀ ਵਿਸ਼ੇਸ਼ ਬੈਂਚ ਨੇ ਕਿਹਾ ਕਿ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਦਾ ਫੈਸਲਾ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਨਹੀਂ ਲਿਆ ਜਾ ਸਕਦਾ।
'ਮੁਲਜ਼ਮਾਂ ਵਿਰੁੱਧ ਕੇਸ ਸਾਬਤ ਕਰਨ ਅਸਫਲ'
ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਮੁਲਜ਼ਮਾਂ ਵਿਰੁੱਧ ਕੇਸ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਮੁਲਜ਼ਮਾਂ ਨੇ ਇਹ ਅਪਰਾਧ ਕੀਤਾ ਹੈ, ਇਸ ਲਈ ਉਨ੍ਹਾਂ ਦੀ ਸਜ਼ਾ ਰੱਦ ਕੀਤੀ ਜਾਂਦੀ ਹੈ।' ਬੈਂਚ ਨੇ ਕਿਹਾ ਕਿ ਉਹ ਪੰਜ ਲੋਕਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਅਤੇ ਬਾਕੀ ਸੱਤ ਨੂੰ ਦਿੱਤੀ ਗਈ ਉਮਰ ਕੈਦ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਬਰੀ ਕਰਦਾ ਹੈ।
ਵਿਸ਼ੇਸ਼ ਅਦਾਲਤ ਨੇ 12 ਲੋਕਾਂ ਨੂੰ ਠਹਿਰਾਇਆ ਸੀ ਦੋਸ਼ੀ
ਅਦਾਲਤ ਨੇ ਕਿਹਾ ਕਿ ਜੇਕਰ ਦੋਸ਼ੀ ਕਿਸੇ ਹੋਰ ਮਾਮਲੇ ਵਿੱਚ ਲੋੜੀਂਦੇ ਨਹੀਂ ਹਨ, ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿੱਚ 2015 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਕੀ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਜਾਣੋ ਪੂਰਾ ਮਾਮਲਾ
ਕਾਬਿਲੇਗੌਰ ਹੈ ਕਿ ਸਾਲ 2006 ’ਚ ਮੁੰਬਈ ’ਚ ਧਮਾਕੇ ਕਾਰਨ 180 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਜਦਕਿ 857 ਯਾਤਰੀ ਗੰਭੀਰ ਜ਼ਖਮੀ ਹੋਏ ਸੀ। ਇਹ ਸਾਰੇ ਹੀ ਧਮਾਕੇ 11 ਜੁਲਾਈ ਨੂੰ ਸਿਰਫ 11 ਮਿੰਟ ਦੇ ਅੰਦਰ-ਅੰਦਰ ਹੋਏ ਸੀ। ਵਿਸ਼ੇਸ਼ ਅਦਾਲਤ ਵੱਲੋਂ ਮੁਲਜ਼ਮ ਠਹਿਰਾਏ ਜਾਣ ਮਗਰੋਂ ਦੋਸ਼ੀਆਂ ਨੇ ਉੱਚ ਅਦਾਲਤ ਦਾ ਰੁਖ ਕੀਤਾ ਸੀ ਜਿਥੇ ਉਨ੍ਹਾਂ ਨੂੰ ਬੇਕਸੂਰ ਕਰਾਰ ਕਰ ਦਿੱਤਾ ਹੈ। ਉੱਥੇ ਹੀ ਜੇਕਰ ਦੋਸੀਆਂ ਦੀ ਗੱਲ ਕੀਤੀ ਜਾਵੇ ਤਾਂ ਦੋਸ਼ੀ ਮੁਹੰਮਦ ਫ਼ੈਸਲ ਸ਼ੇਖ, ਏਹਤਸ਼ਾਮ ਸਿਦੀਕੀ, ਨਾਵੇਦ ਹੁਸੈਨ ਖ਼ਾਨ, ਆਸਿਫ਼ ਖ਼ਾਨ ਅਤੇ ਕਮਲ ਅੰਸਾਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਕਮਲ ਅੰਸਾਰੀ ਦੀ 2022 ਵਿੱਚ ਕੋਰੋਨਾ ਵਾਇਰਸ ਕਾਰਨ ਜੇਲ੍ਹ 'ਚ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : Diljit Dosanjh ਨੇ ਵਿਵਾਦਾਂ ਵਿਚਾਲੇ ਪਹਿਲੀ ਵਾਰ ਸਾਂਝੇ ਕੀਤੇ 'ਪੰਜਾਬ 95' ਦੇ ਦ੍ਰਿਸ਼; ਸੈਂਸਰ ਬੋਰਡ ’ਚ ਫਸੀ ਹੋਈ ਹੈ ਫਿਲਮ