Amritsar Girl Missing : ਅੰਮ੍ਰਿਤਸਰ ਚ 26 ਸਾਲਾ ਕੁੜੀ ਭੇਤਭਰੇ ਹਾਲਾਤਾਂ ਚ ਲਾਪਤਾ, ਸੈਲੂਨ ਤੋਂ ਘਰ ਲਈ ਨਿਕਲੀ ਸੀ ਸੋਨਾਲੀ
Amritsar Girl Missing News : ਸੋਨਮ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਛੇਹਰਟਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਵੀ ਹੁਣ ਤੱਕ ਢਿੱਲਮੱਠ ਵਰਤ ਰਹੀ ਹੈ। ਜੇਕਰ ਪੁਲਿਸ ਨੇ ਤਨਦੇਹੀ ਨਾਲ ਕੰਮ ਕੀਤਾ ਹੁੰਦਾ ਤਾਂ ਉਸਦੀ ਭੈਣ ਸੋਨਾਲੀ ਪਰਿਵਾਰ ਦੇ ਨਾਲ ਹੁੰਦੀ।

Amritsar Girl Missing : ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਆਜ਼ਾਦ ਰੋਡ ਰੇਗਰਪੁਰਾ ਇਲਾਕੇ ਤੋਂ 26 ਸਾਲਾ ਲੜਕੀ ਦੇ ਭੇਤਭਰੇ ਹਾਲਾਤਾਂ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੋਨਾਲੀ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ ਅਤੇ ਉਸਦਾ ਸੈਲੂਨ ਛੇਹਰਟਾ ਬਾਜ਼ਾਰ ਵਿੱਚ ਹੈ।
ਲਾਪਤਾ ਸੋਨਾਲੀ ਦੀ ਭੈਣ ਸੋਨਮ ਵਾਸੀ ਰੇਗਰਪੁਰਾ ਨੇ ਦੱਸਿਆ ਕਿ 16 ਅਪ੍ਰੈਲ ਦੀ ਸ਼ਾਮ ਕਰੀਬ 7:30 ਵਜੇ ਸੋਨਾਲੀ ਛੇਹਰਟਾ ਬਾਜ਼ਾਰ ਸਥਿਤ ਆਪਣੇ ਸੈਲੂਨ ਤੋਂ ਵਾਪਸ ਘਰ ਆ ਰਹੀ ਸੀ, ਪਰ ਘਰ ਨਹੀਂ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਾਫੀ ਦੇਰ ਤੱਕ ਸੋਨਾਲੀ ਘਰ ਨਹੀਂ ਪਰਤੀ ਅਤੇ ਉਹ ਉਸ ਦੀ ਭਾਲ ਕਰਨ ਲਈ ਦੁਕਾਨ 'ਤੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੋਨਾਲੀ ਰੋਜ਼ਾਨਾ ਦੀ ਤਰ੍ਹਾਂ ਸਮੇਂ ਸਿਰ ਘਰ ਗਈ ਸੀ। ਜਦੋਂ ਉਨ੍ਹਾਂ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਸੋਨਾਲੀ ਛੇਹਰਟਾ ਚੌਕ ਤੱਕ ਪੈਦਲ ਜਾਂਦੀ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
''ਸੈਲੂਨ 'ਚ ਕੰਮ ਕਰਦੀ ਕੁੜੀ 'ਤੇ ਸ਼ੱਕ''
ਸੋਨਮ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਛੇਹਰਟਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਵੀ ਹੁਣ ਤੱਕ ਢਿੱਲਮੱਠ ਵਰਤ ਰਹੀ ਹੈ। ਜੇਕਰ ਪੁਲਿਸ ਨੇ ਤਨਦੇਹੀ ਨਾਲ ਕੰਮ ਕੀਤਾ ਹੁੰਦਾ ਤਾਂ ਉਸਦੀ ਭੈਣ ਸੋਨਾਲੀ ਪਰਿਵਾਰ ਦੇ ਨਾਲ ਹੁੰਦੀ। ਉਸ ਨੇ ਇਹ ਵੀ ਕਿਹਾ ਕਿ ਸੋਨਾਲੀ ਦਾ ਆਪਣੇ ਸੈਲੂਨ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸੋਨਾਲੀ ਨੇ ਉਸਨੂੰ ਸੈਲੂਨ ਤੋਂ ਬਾਹਰ ਕੱਢ ਦਿੱਤਾ ਸੀ। ਜਦੋਂ ਉਸ ਦੇ ਫੋਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸੋਨਾਲੀ ਨੂੰ ਉਸੇ ਕੁੜੀ ਦੇ ਘਰੋਂ ਫੋਨ ਆਏ ਸਨ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਛੇਹਰਟਾ ਬਾਜ਼ਾਰ ਵਿੱਚ ਸੈਲੂਨ ਚਲਾਉਣ ਵਾਲੀ ਸੋਨਾਲੀ ਨਾਂ ਦੀ ਕੁੜੀ ਲਾਪਤਾ ਹੋ ਗਈ ਹੈ। ਅਸੀਂ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ, ਪਰਿਵਾਰ ਵੱਲੋਂ ਜੋ ਦੋਸ਼ ਲਾਏ ਜਾ ਰਹੇ ਹਨ, ਸਭ ਬੇਬੁਨਿਆਦ ਹਨ।