Punjab News : 28 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ , ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਬਣਾ ਰਿਹਾ ਸੀ ਰਸਤਾ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ। 28 ਸਾਲਾ ਗੁਰਪ੍ਰੀਤ, ਜੋ ਦੋ ਬੱਚਿਆਂ ਦਾ ਪਿਤਾ ਸੀ, ਸੜਕ 'ਤੇ ਲੱਗੀਆਂ ਸਟਰੀਟ ਲਾਈਟਾਂ ਵਾਲੇ ਖੰਬੇ ਵਿੱਚ ਆਏ ਕਰੰਟ ਦੀ ਲਪੇਟ ਵਿੱਚ ਆ ਗਿਆ

By  Shanker Badra September 8th 2025 04:02 PM -- Updated: September 8th 2025 04:19 PM

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਵਾਪਰੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ। 28 ਸਾਲਾ ਗੁਰਪ੍ਰੀਤ, ਜੋ ਦੋ ਬੱਚਿਆਂ ਦਾ ਪਿਤਾ ਸੀ, ਸੜਕ 'ਤੇ ਲੱਗੀਆਂ ਸਟਰੀਟ ਲਾਈਟਾਂ ਵਾਲੇ ਖੰਬੇ ਵਿੱਚ ਆਏ ਕਰੰਟ ਦੀ ਲਪੇਟ ਵਿੱਚ ਆ ਗਿਆ। 

ਇਹ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਵਾਪਰਿਆ ,ਜਿਥੇ ਸਟਰੀਟ ਲਾਈਟਾਂ ਵਾਲ਼ੇ ਖੰਬੇ ਵਿੱਚ ਆਏ ਕਰੰਟ ਕਾਰਨ 28 ਸਾਲਾ ਨੌਜਵਾਨ ਗੁਰਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਗੁਰਪ੍ਰੀਤ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਦੋ ਬੱਚਿਆਂ ਦਾ ਪਿਤਾ ਸੀ। ਗੁਰਪ੍ਰੀਤ ਦਾ ਘਰ ਵੀ ਟਿੱਬੀ ਸਾਹਿਬ ਰੋਡ 'ਤੇ ਹੀ ਸੀ ,ਜਿੱਥੇ ਉਸ ਦੀ ਜ਼ਿੰਦਗੀ ਖਤਮ ਹੋਈ। ਘਰ ਦੇ ਸਾਹਮਣੇ ਖੜੇ ਚਿੱਕੜ ਨੂੰ ਸਾਫ ਕਰਦਿਆਂ ਅਤੇ ਸੰਗਤਾਂ ਲਈ ਰਸਤਾ ਬਣਾਉਂਦਿਆਂ ਹੀ ਉਹ ਕਰੰਟ ਦੀ ਲਪੇਟ ਵਿੱਚ ਆ ਗਿਆ।

ਗੁਰਪ੍ਰੀਤ ਗੁਰੂ ਨਾਨਕ ਕਾਲਜ ਵਿੱਚ ਗਾਰਡਨ ਦੀ ਨੌਕਰੀ ਕਰਦਾ ਸੀ। ਮਹੱਲਾ ਨਿਵਾਸੀਆਂ ਮੁਤਾਬਕ ਟਿੱਬੀ ਸਾਹਿਬ ਗੁਰਦੁਆਰਾ ਤੋਂ ਦਾਤਨਸਰ ਸਾਹਿਬ ਜਾਣ ਵਾਲੇ ਰਸਤੇ 'ਤੇ ਹਮੇਸ਼ਾ ਸੀਵਰੇਜ਼ ਦਾ ਪਾਣੀ ਓਵਰਫਲੋ ਹੋ ਕੇ ਖੜਾ ਰਹਿੰਦਾ ਹੈ। ਜਿਸ ਨਾਲ ਸੜਕ 'ਤੇ ਚਿੱਕੜ ਬਣਿਆ ਰਹਿੰਦਾ ਹੈ। ਇਸ ਕਰਕੇ ਸੰਗਤਾਂ ਨੂੰ ਹਰ ਵਾਰ ਗੰਦੇ ਪਾਣੀ ਅਤੇ ਚਿੱਕੜ ਵਿੱਚੋਂ ਲੰਘ ਕੇ ਗੁਰਦੁਆਰਾ ਸਾਹਿਬ ਜਾਣਾ ਪੈਂਦਾ ਹੈ। ਇਨ੍ਹਾਂ ਹੀ ਹਾਲਾਤਾਂ ਤੋਂ ਤੰਗ ਆ ਕੇ ਗੁਰਪ੍ਰੀਤ ਨੇ ਇੱਕ ਖਾਲੀ ਪਲਾਟ ਰਾਹੀਂ ਨਵਾਂ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਜਿਵੇਂ ਹੀ ਉਸ ਨੇ ਇਹ ਕੰਮ ਸ਼ੁਰੂ ਕੀਤਾ, ਸਟਰੀਟ ਲਾਈਟਾਂ ਰਾਹੀਂ ਚਿੱਕੜ ਵਾਲੇ ਪਾਣੀ ਵਿੱਚ ਕਰੰਟ ਆ ਗਿਆ ਅਤੇ ਗੁਰਪ੍ਰੀਤ ਕਰੰਟ ਦੀ ਲਪੇਟ ਵਿੱਚ ਆ ਕੇ ਮੌਕੇ 'ਤੇ ਡਿੱਗ ਗਿਆ।

ਜਦੋਂ ਰਾਹਗੀਰਾਂ ਨੇ ਉਸ ਨੂੰ ਪਿਆ ਦੇਖਿਆ, ਤਦ ਮਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਲੋਕਾਂ ਨੇ ਇਸ ਹਾਦਸੇ ਲਈ ਸਿਵਰੇਜ ਵਿਭਾਗ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਨਾ ਤਾਂ ਸਿਵਰੇਜ ਦੀ ਮੁਰੰਮਤ ਹੋਈ ਹੈ ਅਤੇ ਨਾ ਹੀ ਸੜਕ ਦੀ ਹਾਲਤ ਸੁਧਰੀ ਹੈ। ਮਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਹੁਣ ਵੀ ਗੰਭੀਰ ਨਾ ਹੋਇਆ ਤਾਂ ਕਿਸੇ ਹੋਰ ਨੌਜਵਾਨ ਦੀ ਜਾਨ ਵੀ ਜਾ ਸਕਦੀ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਸੁਧਾਰਿਆ ਜਾਵੇ ਤਾਂ ਜੋ ਹਰ ਰੋਜ਼ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਸੁਖਦਾਈ ਰਸਤਾ ਮਿਲ ਸਕੇ।

Related Post