Indian Truck Driver in US : ਅਮਰੀਕਾ ਚ 30 ਭਾਰਤੀ ਟਰੱਕ ਡਰਾਈਵਰ ਗ੍ਰਿਫ਼ਤਾਰ, ਡਿਪੋਰਟੇਸ਼ਨ ਦੀ ਲਟਕੀ ਤਲਵਾਰ

Indian Truck Driver in US : ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਇਹ ਸਾਰੇ ਵਪਾਰਕ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਸਨ।

By  KRISHAN KUMAR SHARMA June 2nd 2026 10:21 AM -- Updated: June 2nd 2026 10:43 AM

Indian Truck Driver in US : ਅਮਰੀਕਾ 'ਚ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲਗਭਗ 30 ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਇਹ ਸਾਰੇ ਵਪਾਰਕ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਸਨ।

ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਰੀਜ਼ੋਨਾ ਦੇ ਯੁਮਾ ਸੈਕਟਰ ਤੋਂ ਬਾਰਡਰ ਪੈਟਰੋਲ ਏਜੰਟਾਂ ਨੇ ਆਪ੍ਰੇਸ਼ਨ ਚੈੱਕਮੇਟ (Operation Checkmate) ਦੇ ਹਿੱਸੇ ਵਜੋਂ 11 ਤੋਂ 15 ਮਈ ਦੇ ਵਿਚਕਾਰ ਸੰਯੁਕਤ ਰਾਜ ਵਿੱਚ ਗੈਰ-ਕਾਨੂੰਨੀ (Illegal) ਤੌਰ 'ਤੇ ਰਹਿ ਰਹੇ 52 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋਂ 36 ਟਰੱਕ ਚਲਾਉਂਦੇ ਪਾਏ ਗਏ।

ਫੜੇ ਗਏ ਕਈ ਟਰੱਕ ਡਰਾਈਵਰਾਂ ਕੋਲ ਨਹੀਂ ਡਰਾਈਵਿੰਗ ਲਾਇਸੈਂਸ

ਇਹਨਾਂ ਗੈਰ-ਕਾਨੂੰਨੀ ਟਰੱਕ ਡਰਾਈਵਰਾਂ ਵਿੱਚੋਂ 30 ਭਾਰਤ ਤੋਂ ਸਨ, ਜਦੋਂ ਕਿ ਬਾਕੀ ਛੇ ਮੈਕਸੀਕੋ, ਅਲ ਸੈਲਵਾਡੋਰ ਅਤੇ ਰੂਸ ਤੋਂ ਸਨ। ਉਹਨਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਕੋਲ ਰੁਜ਼ਗਾਰ ਅਧਿਕਾਰ ਦਸਤਾਵੇਜ਼ ਸਨ, ਜੋ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੌਰਾਨ ਪ੍ਰਾਪਤ ਕੀਤੇ ਗਏ ਸਨ ਅਤੇ ਹੁਣ ਵੈਧ ਨਹੀਂ ਹਨ। ਸਾਰੇ ਵਿਅਕਤੀਆਂ 'ਤੇ ਸੰਘੀ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।

ਯੂਐਸ ਬਾਰਡਰ ਪੈਟਰੋਲ ਦੇ ਯੂਮਾ ਸੈਕਟਰ ਲਈ ਕਾਰਜਕਾਰੀ ਮੁੱਖ ਪੈਟਰੋਲਿੰਗ ਏਜੰਟ ਡਸਟਿਨ ਕੌਡਲ ਨੇ ਕਿਹਾ, "ਆਪ੍ਰੇਸ਼ਨ ਚੈੱਕਮੇਟ ਭਾਈਚਾਰਿਆਂ ਅਤੇ ਸੜਕਾਂ ਨੂੰ ਉਨ੍ਹਾਂ ਡਰਾਈਵਰਾਂ ਤੋਂ ਸੁਰੱਖਿਅਤ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਗੈਰ-ਕਾਨੂੰਨੀ ਤੌਰ 'ਤੇ ਵਾਹਨ ਚਲਾਉਂਦੇ ਹਨ ਅਤੇ ਜਨਤਕ ਸੁਰੱਖਿਆ ਲਈ ਗੰਭੀਰ ਜੋਖਮ ਪੈਦਾ ਕਰਦੇ ਹਨ।" 

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਅਮਰੀਕੀ ਆਵਾਜਾਈ ਵਿਭਾਗ ਨੇ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਅਯੋਗ ਵਿਦੇਸ਼ੀ ਡਰਾਈਵਰਾਂ ਨੂੰ ਵਪਾਰਕ ਟਰੱਕ ਅਤੇ ਬੱਸਾਂ ਚਲਾਉਣ ਲਈ ਲਾਇਸੈਂਸ ਪ੍ਰਾਪਤ ਕਰਨ ਤੋਂ ਰੋਕਿਆ ਗਿਆ ਹੈ।

ਪਿਛਲੇ ਕਈ ਮਹੀਨਿਆਂ ਵਿੱਚ, ਅਮਰੀਕਾ ਵਿੱਚ ਵਪਾਰਕ ਵਾਹਨ ਚਲਾਉਂਦੇ ਸਮੇਂ ਘਾਤਕ ਹਾਦਸਿਆਂ ਦਾ ਕਾਰਨ ਬਣਨ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਅਤੇ ਉਨ੍ਹਾਂ 'ਤੇ ਦੋਸ਼ ਲਗਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ।

Related Post