Amritsar ’ਚ ਗੁਰੂ ਨਾਨਕ ਦੇਵ ਹਸਪਤਾਲ ਤੋਂ 4 ਦਿਨਾਂ ਦਾ ਬੱਚਾ ਅਗਵਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੀੜਤ ਮਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਦੇਖਣ ਲਈ ਵਾਰਡ ਵਿੱਚ ਜਾਣ ਲੱਗੀ ਤਾਂ ਹਸਪਤਾਲ ਦੇ ਕਰਮਚਾਰੀਆਂ ਨੇ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ।

By  Aarti March 18th 2026 05:31 PM -- Updated: March 18th 2026 06:24 PM

Amritsar News : ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੇਵਲ ਚਾਰ ਦਿਨਾਂ ਦਾ ਨਵਜੰਮਿਆ ਬੱਚਾ ਅਗਵਾ ਹੋ ਗਿਆ। ਇਸ ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਕ ਅਣਪਛਾਤੀ ਔਰਤ ਪਿਛਲੇ ਦੋ-ਤਿੰਨ ਦਿਨਾਂ ਤੋਂ ਉਨ੍ਹਾਂ ਦੇ ਕੋਲ ਬੈਠਦੀ ਆ ਰਹੀ ਸੀ ਅਤੇ ਆਪਣੇ ਆਪ ਨੂੰ ਜਾਣ-ਪਛਾਣ ਵਾਲੀ ਵਜੋਂ ਦਰਸਾ ਰਹੀ ਸੀ। ਮਾਪਿਆਂ ਨੇ ਦੱਸਿਆ ਕਿ ਉਹ ਔਰਤ ਹੌਲੀ-ਹੌਲੀ ਭਰੋਸਾ ਜਿੱਤ ਕੇ ਬੱਚੇ ਦੇ ਨੇੜੇ ਆਉਂਦੀ ਰਹੀ ਅਤੇ ਮੌਕਾ ਦੇਖ ਕੇ ਬੱਚੇ ਨੂੰ ਲੈ ਕੇ ਫਰਾਰ ਹੋ ਗਈ।

ਪੀੜਤ ਮਾਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਬੱਚੇ ਨੂੰ ਦੇਖਣ ਲਈ ਵਾਰਡ ਵਿੱਚ ਜਾਣ ਲੱਗੀ ਤਾਂ ਹਸਪਤਾਲ ਦੇ ਕਰਮਚਾਰੀਆਂ ਨੇ ਉਸਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੇ ਕਿਹਾ ਕਿ ਉਸਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਇਸ ਦੌਰਾਨ ਬੱਚੇ ਦੇ ਕੋਲ ਤਿੰਨ ਲੋਕ ਬੈਠੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਅਣਪਛਾਤੀ ਔਰਤ ਵੀ ਸੀ। ਮਾਂ ਨੇ ਸਵਾਲ ਉਠਾਇਆ ਕਿ ਆਖਿਰ ਕਿਸ ਤਰ੍ਹਾਂ ਇੱਕ ਅਣਜਾਣ ਵਿਅਕਤੀ ਨੂੰ ਨਵਜਨਮੇ ਬੱਚੇ ਦੇ ਕੋਲ ਬੈਠਣ ਦੀ ਇਜਾਜ਼ਤ ਦਿੱਤੀ ਗਈ। ਇਸ ਘਟਨਾ ਨੇ ਹਸਪਤਾਲ ਦੀ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਔਰਤ ਕੌਣ ਸੀ, ਪਰ ਜਾਂਚ ਦੇ ਸ਼ੁਰੂਆਤੀ ਪੜਾਅ ‘ਚ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਦੋਸ਼ੀ ਦੀ ਪਹਿਚਾਣ ਕਰ ਲਈ ਜਾਵੇਗੀ।

ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਸਥਾਨਕ ਲੋਕਾਂ ‘ਚ ਗੁੱਸਾ ਵਧਦਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਸਿਰਫ ਲਾਪਰਵਾਹੀ ਨਹੀਂ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੱਚੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਅਤੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਸਪਤਾਲਾਂ ਵਿੱਚ ਹੀ ਨਵਜਨਮੇ ਬੱਚੇ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਕਿੱਥੇ ਸੁਰੱਖਿਅਤ ਮਹਿਸੂਸ ਕਰੇਗੀ।

ਇਹ ਵੀ ਪੜ੍ਹੋ  : Samana ਬੇਅਦਬੀ ਮਾਮਲਾ ਪੁਲਿਸ ਨੇ ਸੁਲਝਾਇਆ; ਬੱਚਿਆਂ ਵੱਲੋਂ ਅਣਜਾਣੇ ’ਚ ਹੋਈ ਬੇਅਦਬੀ ਦੀ ਘਟਨਾ

Related Post