ਜਤਿੰਦਰ ਗੋਗੀ ਗਿਰੋਹ ਦੇ 4 ਸ਼ਾਰਪ ਸ਼ੂਟਰ ਅਸਲੇ ਸਣੇ ਕਾਬੂ, ਕਈ ਮਾਮਲਿਆਂ 'ਚ ਸਨ ਲੋੜੀਂਦੇ

By  Ravinder Singh November 20th 2022 03:35 PM -- Updated: November 20th 2022 03:36 PM

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਜਤਿੰਦਰ ਗੋਗੀ ਗਿਰੋਹ ਦੇ 4 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਇਕ ਰਿਵਾਲਵਰ ਸਮੇਤ 17 ਪਿਸਤੌਲ ਬਰਾਮਦ ਕੀਤੇ ਹਨ।  ਸਪੈਸ਼ਲ ਸੈੱਲ ਦੇ ਡੀਸੀਪੀ ਰਾਜੀਵ ਰੰਜਨ ਅਨੁਸਾਰ ਉਨ੍ਹਾਂ ਦੀ ਟੀਮ ਨੂੰ 16 ਨਵੰਬਰ ਨੂੰ ਇਤਲਾਹ ਮਿਲੀ ਸੀ ਕਿ ਅਮਨ ਉਰਫ਼ ਮਨਪ੍ਰੀਤ ਜੋ ਕਿ ਜਤਿੰਦਰ ਗੋਗੀ ਗਿਰੋਹ ਦਾ ਸ਼ਾਰਪ ਸ਼ੂਟਰ ਹੈ ਜੋ ਕਿ ਦਿੱਲੀ ਦੇ ਭੀਕਾਜੀ ਕਾਮਾ ਇਲਾਕੇ 'ਚ ਕਿਸੇ ਕੰਮ ਲਈ ਆ ਰਿਹਾ ਹੈ। ਇਸ ਦੌਰਾਨ ਮੁਲਜ਼ਮ ਅਮਨ, ਅੰਕਿਤ ਗਾਂਧੀ, ਰੋਸ਼ਨ ਤੇ ਪਰਦੇਵ ਉਰਫ਼ ਲਾਲਾ ਦੋ ਸਕੂਟੀਆਂ 'ਤੇ ਸਵਾਰ ਸਨ। ਪੁਲਿਸ ਨੇ ਧੌਲਾ ਕੂਆਂ ਵੱਲ ਜਾਂਦੇ ਭੀਕਾਜੀ ਕਾਮਾ ਫਲਾਈਓਵਰ ਦੇ ਹੇਠਾਂ ਰੈੱਡ ਲਾਈਟ ਨੇੜੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਸਾਰੇ ਮੁਲਜ਼ਮ ਜਤਿੰਦਰ ਗੋਗੀ ਗਿਰੋਹ ਨਾਲ ਜੁੜੇ ਹੋਏ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਸਾਲ 2 ਜੁਲਾਈ ਨੂੰ ਅਮਨ ਨੇ ਆਪਣੇ ਸਾਥੀ ਮੁਖਤਾਰ ਨਾਲ ਮਿਲ ਕੇ ਬਿੰਦਾਪੁਰ ਇਲਾਕੇ 'ਚ ਕਪਿਲ ਨਾਂ ਦੇ ਵਿਅਕਤੀ 'ਤੇ ਗੋਲੀਆਂ ਚਲਾਈਆਂ ਸਨ। ਗੋਲੀਬਾਰੀ 'ਚ ਕਈ ਗੋਲੀਆਂ ਉਸ ਦੀ ਗਰਦਨ ਵਿਚ ਵੀ ਲੱਗੀਆਂ ਪਰ ਉਹ ਬਚ ਗਿਆ।


ਉਦੋਂ ਤੋਂ ਹੀ ਮੁਲਜ਼ਮ ਅਮਨ ਫ਼ਰਾਰ ਸੀ। ਅਮਨ ਤੇ ਕਪਿਲ 'ਚ ਦੁਸ਼ਮਣੀ ਸੀ ਕਿਉਂਕਿ ਅਪ੍ਰੈਲ 2017 'ਚ ਕਪਿਲ ਤੇ ਉਸਦੇ ਸਾਥੀਆਂ ਨੇ ਬਿੰਦਾਪੁਰ ਦੇ ਰਹਿਣ ਵਾਲੇ ਮੁਸਤਫਾ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਅਮਨ ਅਤੇ ਮੁਖਤਾਰ ਦੇ ਵੱਡੇ ਭਰਾ ਦਾ ਬਹੁਤ ਕਰੀਬੀ ਦੋਸਤ ਸੀ। ਇਸ ਤੋਂ ਬਾਅਦ ਮੁਲਜ਼ਮ ਅਮਨ ਨੇ ਆਪਣੇ ਸਾਥੀਆਂ ਰੋਸ਼ਨ ਤੇ ਅੰਕਿਤ ਨਾਲ ਮਿਲ ਕੇ ਗੁਰੂਗ੍ਰਾਮ 'ਚ ਪੰਕਜ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ, ਜਿਸ ਦੇ ਰੋਸ਼ਨ ਦੀ ਪਤਨੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ।

ਇਹ ਵੀ ਪੜ੍ਹੋ: ਵਿਵਾਦਤ ਫਿਲਮ 'ਮਸੰਦ' ਦੇ ਨਿਰਮਾਤਾਵਾਂ ਨੇ ਜਿੱਤਿਆ ਮੁਕੱਦਮਾ, ਸ਼ੁਕਰਵਾਰ ਨੂੰ ਹੋਵੇਗੀ ਰਿਲੀਜ਼

ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਉਹ ਕਈ ਵਾਰ ਨਾਜਾਇਜ਼ ਸ਼ਰਾਬ ਦੇ ਤਸਕਰਾਂ ਤੇ ਜੂਏਬਾਜ਼ਾਂ ਅਤੇ ਪੈਸੇ ਦੀ ਲੁੱਟਣ ਦੀਆਂ ਵਾਰਾਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਕੋਈ ਵੀ ਸ਼ਿਕਾਇਤ ਕਰਨ ਲਈ ਅੱਗੇ ਨਾ ਆਉਣ ਕਾਰਨ ਮਾਮਲਾ ਦਰਜ ਨਹੀਂ ਹੋਇਆ। ਇਨ੍ਹਾਂ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਰਾਹੁਲ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਮੁਲਜ਼ਮ ਅਮਨ ਫਲਿੱਪਕਾਰਟ 'ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ, ਉਸ ਦਾ ਪਿਤਾ ਡਰਾਈਵਰ ਹੈ ਅਤੇ ਉਸ ਦਾ ਪਰਿਵਾਰ ਕਿਰਾਏ 'ਤੇ ਰਹਿੰਦਾ ਹੈ ਤੇ ਅਕਸਰ ਪਤੇ ਬਦਲਦਾ ਰਹਿੰਦਾ ਹੈ।

Related Post