ਬਾਬਾ ਨਾਨਕ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਕੱਟਿਆ 553 ਕਿਲੋ ਦਾ ਕੇਕ, ਬਣਾਉਣ 'ਚ ਲੱਗੇ 2 ਦਿਨ

By  Jasmeet Singh November 9th 2022 02:47 PM -- Updated: November 9th 2022 02:48 PM

ਚੰਡੀਗੜ੍ਹ, 9 ਨਵੰਬਰ: ਸਿਟੀ ਬਿਊਟੀਫੁੱਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਆਗਮਨ ਪ੍ਰਕਾਸ਼ ਪੁਰਬ ਮੌਕੇ 553 ਕਿਲੋ ਦਾ ਕੇਕ ਕੱਟਿਆ ਗਿਆ। ਇਹ ਕੇਕ ਸੈਕਟਰ 19 ਸਥਿਤ ਗੁ. ਸਿੰਘ ਸਭਾ ਵੱਲੋਂ ਤਿਆਰ ਕਰਵਾਇਆ ਗਿਆ ਸੀ। ਗੁਰਦੁਆਰਾ ਸਾਹਿਬ ਵਿਖੇ ਹੀ ਕੇਕ ਕੱਟਿਆ ਗਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸੰਗਤ ਨੂੰ ਪ੍ਰਸ਼ਾਦ ਵਜੋਂ ਵੰਡਿਆ ਗਿਆ।

ਇਸ ਕੇਕ ਨੂੰ ਵੇਖਣ ਲਈ ਗੁਰਦੁਆਰੇ ਵਿੱਚ ਸੰਗਤਾਂ ਦਾ ਹਜੂਮ ਉਮੜ ਪਿਆ। ਬਾਬਾ ਨਾਨਕ ਦੇ ਆਗਮਨ ਪੁਰਬ ਮੌਕੇ ਬਣਾਏ ਗਏ ਇਸ 553 ਕਿਲੋ ਦੇ ਕੇਕ ਨੂੰ ਦੇਖਣ ਅਤੇ ਚੱਖਣ ਦਾ ਕਾਫੀ ਕ੍ਰੇਜ਼ ਵੇਖਣ ਨੂੰ ਮਿਲਿਆ। ਇਹ ਕੇਕ ਚੰਡੀਗੜ੍ਹ ਅਤੇ ਜ਼ੀਰਕਪੁਰ ਸਥਿਤ ਨੈਸ਼ਨਲ ਬੇਕਰਜ਼ ਵੱਲੋਂ ਤਿਆਰ ਕੀਤਾ ਗਿਆ ਸੀ।

ਕੇਕ ਦੀ ਖਾਸ ਗੱਲ ਇਹ ਸੀ ਕਿ ਕੇਕ ਦੀ ਲੰਬਾਈ 20 ਫੁੱਟ, ਚੌੜਾਈ 4.5 ਫੁੱਟ ਅਤੇ ਉਚਾਈ 6 ਇੰਚ ਸੀ। ਕੇਕ ਨੂੰ ਤਿਆਰ ਕਰਨ ਵਿੱਚ 36 ਘੰਟੇ ਦਾ ਸਮਾਂ ਲੱਗਿਆ ਸੀ ਤੇ ਕੇਕ ਨੂੰ 10 ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ। ਇਹ ਕੇਕ 100% ਸ਼ਾਕਾਹਾਰੀ ਸੀ ਅਤੇ ਇਸ ਕੇਕ ਦਾ ਭਾਰ 553 ਕਿਲੋ ਸੀ।

ਨੈਸ਼ਨਲ ਬੇਕਰੀ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਅਸੀਂ ਆਧੁਨਿਕਤਾ ਦੇ ਰੰਗ 'ਚ ਰੰਗੇ ਜਾਣ ਦੀ ਉਮੀਦ ਨਾਲ ਇਹ ਕੇਕ ਪ੍ਰਕਾਸ਼ ਪੁਰਬ ਲਈ ਤਿਆਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ 'ਤੇ 553 ਕਿਲੋ ਦਾ ਕੇਕ ਤਿਆਰ ਕੀਤਾ ਗਿਆ ਹੈ। ਪਿਛਲੇ ਸਾਲ 552 ਕਿਲੋ ਦਾ ਕੇਕ ਬਣਾਇਆ ਗਿਆ ਸੀ ਅਤੇ ਅਗਾਮੀ ਸਾਲ 2023 ਵਿੱਚ 554 ਕਿਲੋ ਦਾ ਕੇਕ ਤਿਆਰ ਕੀਤਾ ਜਾਵੇਗਾ।

Related Post