Rajpura News : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗਗਨ ਚੌਂਕ 'ਤੇ ਲੱਗਦੇ ਕਾਰਾਂ-ਬੱਸਾਂ ਦੇ ਜਾਮ ਤੋਂ ਲੋਕ ਪਰੇਸ਼ਾਨ, ਕਈ-ਕਈ ਘੰਟੇ ਫਸੇ ਰਹਿਣਾ ਪੈਂਦਾ
Rajpura News : ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ 'ਤੇ ਸ਼ਿਵ ਮੰਦਰ ਨਲਾਸ ਨੂੰ ਜਾਣ ਵਾਲੇ ਰਸਤੇ 'ਤੇ ਓਵਰਬ੍ਰਿਜ (ਪੁਲ) ਲਗਾਉਣ ਲਈ ਰਾਜਪੁਰਾ ਦੀ ਵਿਧਾਇਕਾ ਨੂੰ ਅਪੀਲ ਕੀਤੀ ਗਈ ਸੀ। ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਪੁਲ ਦਾ ਨਿਰਮਾਣ ਲਗਭਗ ਇੱਕ ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਪੁਲ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਗਿਆ ਹੈ।ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ, ਜ਼ੀਰਕਪੁਰ-ਚੰਡੀਗੜ੍ਹ ਅਤੇ ਅੰਬਾਲੇ ਨੂੰ ਜਾਣ ਵਾਲਾ ਰਸਤਾ ਸਰਵਿਸ ਰੋਡ ਬੰਦ ਹੋਣ ਕਾਰਨ ਅਤੇ ਪੁਲ ਉੱਤੇ ਸੜਕ ਬਣਾਉਣ ਦਾ ਕੰਮ ਲਗਭਗ ਇੱਕ ਸਾਲ ਤੋਂ ਚੱਲ ਰਿਹਾ ਹੋਣ ਕਰਕੇ, ਲੋਕ ਖ਼ਾਸਕਰ ਸ਼ਾਮ ਨੂੰ ਲੰਮੇ-ਲੰਮੇ ਜਾਮ ਵਿੱਚ ਫਸ ਜਾਂਦੇ ਹਨ ਅਤੇ ਕਈ-ਕਈ ਘੰਟੇ ਲੱਗ ਜਾਂਦੇ ਹਨ।
ਰਾਜਪੁਰਾ ਦਾ ਗਗਨ ਚੌਂਕ ਤਾਂ ਇੰਝ ਲੱਗਦਾ ਹੈ ਜਿਵੇਂ ਦਿੱਲੀ-ਮੁੰਬਈ ਵਰਗਾ ਜਾਮ ਹੋਵੇ। ਲੋਕ ਬਹੁਤ ਪਰੇਸ਼ਾਨ ਹਨ ਪਰ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਬਹਾਲ ਕਰਨ ਲਈ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੇ ਘਰ ਜਾਣਾ ਹੁੰਦਾ ਹੈ, ਇਸ ਲਈ ਉਹ ਪੁਲ ਦੇ ਉੱਪਰੋਂ ਹੀ ਕੱਚੇ ਰਸਤੇ ਰਾਹੀਂ ਕਾਰਾਂ-ਮੋਟਰਾਂ ਲੰਘਾਉਂਦੇ ਹਨ, ਜਦਕਿ ਸੜਕ ਦੇ ਉੱਪਰ ਮਿੱਟੀ-ਬਜਰੀ ਪਈ ਹੈ।ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਫਲਾਈਓਵਰ ਤੋਂ ਹੇਠਾਂ ਉਤਰਦੀਆਂ ਸਰਕਾਰੀ ਬੱਸਾਂ ਅਤੇ ਕਾਰਾਂ ਜਿਨ੍ਹਾਂ ਨੇ ਪਟਿਆਲਾ ਜਾਣਾ ਹੁੰਦਾ ਹੈ, ਉਹ ਉੱਪਰੋਂ ਯੂ-ਟਰਨ ਲੈਂਦੀਆਂ ਹਨ, ਜਿਸ ਕਾਰਨ ਲੰਮਾ ਜਾਮ ਲੱਗ ਜਾਂਦਾ ਹੈ।
ਰਸਤਾ ਸਹੀ ਢੰਗ ਨਾਲ ਨਾ ਰੋਕੇ ਜਾਣ ਕਰਕੇ, ਨੈਸ਼ਨਲ ਹਾਈਵੇਅ 'ਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਸੜਕ ਹਾਦਸੇ ਵੀ ਵਾਪਰੇ ਹਨ ਪਰ ਰਾਜਪੁਰਾ ਦਾ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ। ਇਸ ਮੋੜ ਉੱਪਰ ਕੋਈ ਵੀ ਟਰੈਫਿਕ ਪੁਲਿਸ ਮੁਲਾਜ਼ਮ ਖੜ੍ਹਾ ਨਹੀਂ ਹੁੰਦਾ ਅਤੇ ਸਾਰਾ ਭਾਰ ਸਿਰਫ਼ ਗਗਨ ਚੌਂਕ ਉੱਪਰ ਹੀ ਹੈ। ਕਾਰ, ਬੱਸ, ਟਰੱਕ ਅਤੇ ਮੋਟਰਸਾਈਕਲ ਵਾਲੇ ਸਭ ਪਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਉਸਾਰੀ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇ ਤਾਂ ਕਿ ਲੋਕਾਂ ਦੀ ਪਰੇਸ਼ਾਨੀ ਖ਼ਤਮ ਹੋ ਸਕੇ।
ਰਿਸ਼ੀ ਕਪੂਰ, ਸਾਈਟ ਇੰਜੀਨੀਅਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲ ਦੀ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਸਭ ਤੋਂ ਵੱਡਾ ਕਾਰਨ ਹੈ ਕਿ ਸਾਨੂੰ ਸੜਕ ਬਣਾਉਣ ਵੇਲੇ ਮੁਸ਼ਕਿਲ ਆ ਰਹੀ ਹੈ, ਕਿਉਂਕਿ ਸੜਕ ਦੀ ਆਵਾਜਾਈ ਰੋਕੀ ਨਹੀਂ ਜਾ ਰਹੀ। ਜਿਸ ਵੇਲੇ ਕਾਰਾਂ, ਬੱਸਾਂ ਅਤੇ ਮੋਟਰਾਂ ਉੱਪਰੋਂ ਲੰਘਦੀਆਂ ਹਨ ਤਾਂ ਸਾਡਾ ਕੰਮ ਰੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ ਅਤੇ ਸਾਡਾ ਕੰਮ ਲਗਾਤਾਰ ਚੱਲ ਰਿਹਾ ਹੈ। ਭਾਵੇਂ ਕੁਝ ਵੀ ਹੋਵੇ ਲੋਕ ਤਾਂ ਪਰੇਸ਼ਾਨ ਹਨ ਅਤੇ ਲੰਮੇ-ਲੰਮੇ ਜਾਮ ਵਿੱਚ ਫਸ ਜਾਂਦੇ ਹਨ। ਦੋਵੇਂ ਸਰਵਿਸ ਰੋਡ ਬੰਦ ਹੋਣ ਕਾਰਨ ਸ਼ਾਮ ਨੂੰ ਕਈ-ਕਈ ਮੀਲ ਤੱਕ ਜਾਮ ਲੱਗ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ।
- PTC NEWS