400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 8 ਸਾਲਾਂ ਮਾਸੂਮ ਬੱਚਾ, ਬਚਾਅ ਕਾਰਜ ਜਾਰੀ

By  Aarti December 7th 2022 11:50 AM

Betul Borewell Rescue: ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਪਿੰਡ ਮਾਂਡਵੀ ਵਿਖੇ ਇੱਕ 8 ਸਾਲਾਂ ਬੱਚਾ 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਹੈ ਜਿਸ ਨੂੰ ਬਾਹਰ ਕੱਢਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਹਤ ਬਚਾਅ ਕਾਰਜ ਦੇ ਲਈ ਐਸਡੀਈਆਰਐਫ ਦੀਆਂ ਟੀਮਾਂ ਭੋਪਾਲ, ਹੋਸ਼ੰਗਾਬਾਦ ਅਤੇ ਹਰਦਾ ਲਈ ਵੀ ਰਵਾਨਾ ਹੋ ਗਈਆਂ ਹਨ।

ਮਾਮਲੇ ਸਬੰਧੀ ਅੱਠਨੇਰ ਥਾਣਾ ਇੰਚਾਰਜ ਅਨਿਲ ਸੋਨੀ ਨੇ ਦੱਸਿਆ ਕਿ 8 ਸਾਲਾਂ ਬੱਚਾ ਖੇਤ 'ਚ ਖੇਡ ਰਿਹਾ ਸੀ ਕਿ ਇਸ ਦੌਰਾਨ ਉਹ ਬੋਰਵੈੱਲ 'ਚ ਡਿੱਗ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿੱਚ ਬੱਚਾ ਡਿੱਗਿਆ ਹੈ ਉਸ ਨੂੰ ਹਾਲ ਹੀ ਵਿੱਚ ਪੁੱਟਿਆ ਗਿਆ ਸੀ।

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਹੈ ਕਿ 400 ਫੁੱਟ ਡੂੰਘੇ ਬੋਰਵੈੱਲ ਵਿੱਚ ਬੱਚਾ 50 ਤੋਂ 60 ਫੁੱਟ ਵਿਚਾਲੇ ਫਸਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹੈ ਅਤੇ ਖੇਤ ਦੀ ਵੀ ਖੁਦਾਈ ਦੇ ਲਈ ਮਸ਼ੀਨਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਆਕਸੀਜਨ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ਉੱਤੇ ਪਹੁੰਚ ਗਈਆਂ ਹਨ। ਐਸਡੀਈਆਰਐਫ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। 


ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਵੱਲੋਂ ਖ਼ੁਦ ਇਸ ਮਾਮਲੇ ਉੱਤੇ ਨਜ਼ਰ ਰੱਖੀ ਗਈ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਕਿਹਾ ਹੈ ਕਿ ਬੈਤੁਲ ਦੇ ਅਥਨੇਰ ਬਲਾਕ ਦੇ ਮਾਂਡਵੀ ਪਿੰਡ ਵਿੱਚ ਇੱਕ 8 ਸਾਲਾਂ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਦੁਖਦਾਈ ਹੈ। ਮੈਂ ਸਥਾਨਕ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਬਚਾਅ ਟੀਮ ਬੱਚੇ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਮਾਸੂਮ ਦੀ ਤੰਦਰੁਸਤੀ ਲਈ ਰੱਬ ਅੱਗੇ ਅਰਦਾਸ ਕਰਦਾ ਹਾਂ। 

ਇਹ  ਵੀ ਪੜੋ: ਦੋ ਦਿਨ ਪਹਿਲਾਂ ਹਸਪਤਾਲ 'ਚੋਂ ਚੋਰੀ ਹੋਇਆ ਬੱਚਾ ਬਰਾਮਦ, ਦੋ ਔਰਤਾਂ ਪੁਲਿਸ ਅੜਿੱਕੇ

Related Post