Chhattisgarh ’ਚ ਚੋਰਾਂ ਨੇ ਚੋਰੀ ਕੀਤਾ 70 ਫੁੱਟ ਲੰਮਾ ਪੁਲ; 40 ਸਾਲਾਂ ਪੁਰਾਣੇ ਲੋਹੇ ਦੇ ਪੁਲ ਦਾ ਸੀ 10 ਟਨ ਭਾਰ
ਕੋਰਬਾ ਦੇ ਵਧੀਕ ਪੁਲਿਸ ਸੁਪਰਡੈਂਟ ਲਖਨ ਪਟਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਚੋਰੀ ਵਿੱਚ ਲਗਭਗ 15 ਲੋਕ ਸ਼ਾਮਲ ਸਨ।
ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿੱਚ ਇੱਕ ਨਹਿਰ ਉੱਤੇ ਬਣਿਆ ਚਾਰ ਦਹਾਕੇ ਪੁਰਾਣਾ, 10 ਟਨ ਦਾ ਲੋਹੇ ਦਾ ਪੁਲ ਰਾਤੋ-ਰਾਤ ਚੋਰੀ ਹੋ ਗਿਆ, ਜਿਸ ਨਾਲ ਸਥਾਨਕ ਲੋਕ ਹੈਰਾਨ ਰਹਿ ਗਏ। 70 ਫੁੱਟ ਲੰਬਾ ਨਹਿਰੀ ਪੁਲ ਪੈਦਲ ਚੱਲਣ ਵਾਲਿਆਂ ਲਈ ਵਰਤਿਆ ਜਾਂਦਾ ਸੀ। ਕੋਰਬਾ ਦੇ ਵਧੀਕ ਪੁਲਿਸ ਸੁਪਰਡੈਂਟ, ਲਖਨ ਪਾਟਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੋਰੀ ਵਿੱਚ ਲਗਭਗ 15 ਲੋਕ ਸ਼ਾਮਲ ਸਨ।
ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਲੇ ਦਾ ਕਹਿਣਾ ਹੈ ਕਿ ਚੋਰੀ ਦੇ ਮਾਸਟਰਮਾਈਂਡ ਮੁਕੇਸ਼ ਸਾਹੂ ਅਤੇ ਅਸਲਮ ਖਾਨ ਸਮੇਤ ਬਾਕੀ 10 ਮੁਲਜ਼ਮਾਂ ਦੀ ਜ਼ੋਰਦਾਰ ਭਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁਲ ਚੋਰੀ ਕਰਨ ਅਤੇ ਇਸਨੂੰ ਕਬਾੜ ਵਜੋਂ ਵੇਚਣ ਦੀ ਗੱਲ ਕਬੂਲ ਕੀਤੀ।
ਮੁਲਜ਼ਮਾਂ ਨੇ ਗੈਸ ਕਟਰ ਨਾਲ ਪੁਲ ਨੂੰ ਕੱਟ ਕੇ ਸਕ੍ਰੈਪ ਵਜੋਂ ਵੇਚਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਸਥਾਨਕ ਲੋਕਾਂ ਨੇ ਅਚਾਨਕ ਵਾਰਡ ਨੰਬਰ 17 ਦੇ ਧੋਧੀਪਾਰਾ ਖੇਤਰ ਵਿੱਚ ਹਸਦੇਓ ਖੱਬੀ ਨਹਿਰ ਉੱਤੇ ਪੁਲ ਗਾਇਬ ਪਾਇਆ। ਕੌਂਸਲਰ ਲਕਸ਼ਮਣ ਸ਼੍ਰੀਵਾਸ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ।
ਸੱਤ ਟਨ ਲੋਹਾ ਬਰਾਮਦ
ਸੀਐਸਈਬੀ ਪੁਲਿਸ ਚੌਕੀ ਦੇ ਇੰਚਾਰਜ ਭੀਮਸੇਨ ਯਾਦਵ ਨੇ ਕਿਹਾ ਕਿ ਨਹਿਰ ਵਿੱਚ ਲੁਕਾਇਆ ਗਿਆ ਲਗਭਗ ਸੱਤ ਟਨ ਲੋਹਾ ਬਰਾਮਦ ਕਰ ਲਿਆ ਗਿਆ ਹੈ। ਚੋਰੀ ਵਿੱਚ ਵਰਤੀ ਗਈ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਬਾਕੀ ਲੋਹਾ ਕਿੱਥੇ ਵੇਚਿਆ ਗਿਆ ਸੀ।
ਇਹ ਵੀ ਪੜ੍ਹੋ : Amritsar ਹਾਲਗੇਟ 'ਚ ਵਾਪਰਿਆ ਵੱਡਾ ਹਾਦਸਾ; ਚਾਰ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ