ਗੁਰਦਾਸਪੁਰ ਦੇ ਵਿੱਚ ਇੱਕ ਭੱਠਾ ਮਾਲਿਕ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਬਣਾਕੇ ਰੱਖਿਆ ਗਿਆ ਬੰਦੂਆ ਮਜ਼ਦੂਰ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪਾਹੜਾ ਦੇ ਇੱਕ ਭੱਠੇ ਦੇ ਮਾਲਕ ਵੱਲੋਂ ਗਰੀਬ ਪਰਿਵਾਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠੇ ਦੇ ਮਾਲਕ ਵੱਲੋਂ ਇਨ੍ਹਾਂ ਗਰੀਬ ਬੰਧੂਆ ਮਜ਼ਦੂਰ ਪਰਿਵਾਰਾਂ 'ਤੇ ਤਸ਼ੱਦਦ ਢਾਇਆ ਜਾਂਦਾ ਹੈ।

By  Jasmeet Singh March 31st 2023 08:20 PM

ਮਨਿੰਦਰ ਸਿੰਘ ਮੋਂਗਾ: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪਾਹੜਾ ਦੇ ਇੱਕ ਭੱਠੇ ਦੇ ਮਾਲਕ ਵੱਲੋਂ ਗਰੀਬ ਪਰਿਵਾਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਕੰਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠੇ ਦੇ ਮਾਲਕ ਵੱਲੋਂ ਇਨ੍ਹਾਂ ਗਰੀਬ ਬੰਧੂਆ ਮਜ਼ਦੂਰ ਪਰਿਵਾਰਾਂ 'ਤੇ ਤਸ਼ੱਦਦ ਢਾਇਆ ਜਾਂਦਾ ਹੈ। 

ਭੱਠਾ ਮਾਲਕ ਵੱਲੋਂ ਆਪਣੇ ਉੱਚੇ ਰਸੂਖ ਦੇ ਚਲਦੇ ਇਨ੍ਹਾਂ ਗਰੀਬ ਪਰਿਵਾਰਾਂ ਦੇ ਉੱਪਰ ਕਾਫੀ ਜੁਲਮ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਦੱਸ ਦਈਏ ਕਿ ਸਰਕਾਰਾਂ ਵੱਲੋਂ ਬੰਧੂਆ ਮਜ਼ਦੂਰੀ ਦੇ ਖ਼ਿਲਾਫ ਬੰਧੂਆ ਮਜ਼ਦੂਰੀ ਪ੍ਰਥਾ ਨਿਵਾਰਨ 1976 ਐਕਟ ਤਹਿਤ ਦਰਜ ਹੈ ਕਿ ਪੇਸ਼ਗੀ ਦੇ ਕੇ ਤੁਸੀਂ ਕਿਸੇ ਨੂੰ ਬੰਧੂਆ ਮਜ਼ਦੂਰ ਨਹੀਂ ਬਣਾ ਸਕਦੇ। 

ਅਨੁਸੂਚਿਤ ਜਾਤੀ 'ਤੇ ਅਤਿਆਚਾਰ ਨਿਵਾਰਨ ਕਾਨੂੰਨ 2015 ਤਹਿਤ ਕਾਨੂੰਨ ਵੀ ਹੈ ਕਿ ਜੇਕਰ ਤੁਸੀਂ ਕਿਸੇ ਤੋਂ ਬੰਧੂਆ ਮਜ਼ਦੂਰੀ ਕਰਾਉਂਦੇ ਫੜੇ ਜਾਂਦੇ ਹੋ ਤਾਂ ਤੁਹਾਡੇ ਖ਼ਿਲਾਫ਼ ਸਖ਼ਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਇਸ ਭੱਠਾ ਮਾਲਕ ਨੂੰ ਕਿਸੇ ਕਾਨੂੰਨ ਦਾ ਕੋਈ ਡਰ ਨਹੀਂ। ਇਸ ਭੱਠੇ ਮਾਲਕ ਦੇ ਜੁਲਮ ਤੋਂ ਤੰਗ ਆਕੇ ਇਨ੍ਹਾਂ ਗਰੀਬ ਪਰਿਵਾਰਾਂ ਨੇ ਗੁਰਦਾਸਪੁਰ ਪ੍ਰਸ਼ਾਸ਼ਨ ਕੋਲ ਇੰਨਸਾਫ ਦੀ ਗੁਹਾਰ ਲਗਾਈ ਹੈ।  

ਡੀਸੀ ਗੁਰਦਾਸਪੁਰ ਵੱਲੋਂ ਭੱਠੇ ਮਾਲਕ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਇਨ੍ਹਾਂ ਬੰਧੂਆ ਮਜ਼ਦੂਰ ਪਰਿਵਾਰਾਂ ਨੂੰ ਉਸ ਭੱਠੇ ਤੋਂ ਰਿਹਾਅ ਕਰਵਾਇਆ ਗਿਆ। ਅਜੇ ਇਹ ਭੱਠੇ ਤੋਂ ਆਪਣਾ ਸਮਾਨ ਸੰਭਾਲ ਕਰਕੇ ਚਲੇ ਸੀ ਕਿ ਇਨ੍ਹਾਂ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਕਾਰਵਾਈ ਕਰ ਉਥੋਂ ਚਲੇ ਗਏ ਤੇ ਪਿੱਛੋਂ ਭੱਠਾ ਮਾਲਕ ਤੇ ਉਸ ਦੇ ਪੰਝੀ ਤੀਹ ਸਾਥੀਆਂ ਨੇ ਮਿਲ ਕੇ ਕਾਬੂ ਇਨ੍ਹਾਂ ਗਰੀਬ ਪਰਿਵਾਰਾਂ ਉੱਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ। 

ਜਿਸਦੇ ਚਲਦੇ ਦੋ ਨੌਜਵਾਨ ਆਪਣੇ ਆਪ ਨੂੰ ਬਚਾ ਭੱਜ ਕੇ ਕਿਸੇ ਤਰਾਂ ਅੰਮਿਤਸਰ ਪੁੱਜੇ ਤੇ ਵਕੀਲ ਨਾਲ ਮਿਲ ਮੀਡੀਆ ਨਾਲ ਸੰਪਰਕ ਕੀਤਾ ਤੇ ਆਪਣੀ ਸਾਰੀ ਹੱਡਬੀਤੀ ਦਾਸਤਾਨ ਸੁਣਾਈ। ਉਨ੍ਹਾਂ ਕਿਹਾ ਕਿ ਸਾਡੇ ਛੋਟੇ ਬੱਚੇ ਵੀ ਇਸ ਭੱਠੇ 'ਤੇ ਬੰਧੂਆ ਮਜ਼ਦੂਰ ਬਨੇ ਹੋਏ ਹਨ। 

ਸਾਡੀਆਂ ਘਰਦੀਆਂ ਔਰਤਾਂ ਤੇ ਬੱਚਿਆਂ ਨੂੰ ਵੀ ਭੱਠਾ ਮਾਲਕ ਗੋਰਾ ਅਤੇ ਸੋਨੂੰ ਨੇ ਕੈਦ ਕੀਤਾ ਹੋਇਆ ਹੈ। ਇਨ੍ਹਾਂ ਗਰੀਬ ਮਜ਼ਦੂਰਾਂ ਨੇ ਦੱਸਿਆ ਕਿ ਸਾਨੂੰ ਭੱਠਾ ਮਾਲਕ ਪੰਜ ਹਜ਼ਾਰ  ਰੁਪਏ ਮਹੀਨਾ ਦਿੰਦਾ ਸੀ ਤੇ ਕੰਮ ਕਰਨ ਦੋਰਾਨ ਸਾਨੂੰ ਗਾਲੀ ਗਲੋਚ ਤੇ ਕੁੱਟਮਾਰ ਵੀ ਕਰਦਾ ਸੀ। ਸਾਨੂੰ ਉਸ ਭੱਠੇ ਮਾਲਕ ਤੋਂ ਆਜ਼ਾਦ ਕਰਵਾਇਆ ਜਾਵੇ ਤੇ ਸਾਡੇ ਪਰਿਵਾਰ ਜਿਹੜੇ ਉਸਨੇ ਬੰਦੀ ਬਣਾਕੇ ਰੱਖੇ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। 

ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਭੱਠਾ ਮਜ਼ਦੂਰ ਪਰਿਵਾਰਾਂ ਨੂੰ ਬੰਧੂਆ ਬਣਾਕੇ ਰੱਖਿਆ ਹੋਇਆ ਹੈ, ਅਸੀ ਮੰਗ ਕਰਦੇ ਹਾਂ ਪ੍ਰਸ਼ਾਸ਼ਨ ਕੋਲੋਂ ਕਿ ਇਨ੍ਹਾਂ ਦੇ ਪਰਿਵਾਰ ਨੂੰ ਇਸ ਭੱਠੇ ਤੋਂ ਰਿਹਾਅ ਕਰਵਾਇਆ ਜਾਵੇ।

ਇਸ ਮੌਕੇ ਗੱਲਬਾਤ ਕਰਦੇ ਹੋਏ ਲੇਬਰ ਲਾਅ ਐਡਵੋਕੇਟ ਰਾਜੀਵ ਭਗਤ ਨੇ ਦੱਸਿਆ ਕਿ ਇਹ ਮਲਕੀਤ ਸਿੰਘ ਤੇ ਰਾਹੁਲ ਮਸੀਹ ਸਾਡੇ ਕੋਲ ਪੁੱਜੇ। ਇਨ੍ਹਾਂ ਦੱਸਿਆ ਕਿ ਸਾਨੂੰ ਪਿੰਡ ਪਾਹੜਾ ਜਿਲ੍ਹਾ ਗੁਰਦਾਸਪੁਰ ਭੱਠੇ ਮਾਲਕ ਵੱਲੋਂ ਬੰਧੂਆ ਮਜ਼ਦੂਰ ਬਣਾਕੇ ਰੱਖਿਆ ਹੋਇਆ ਹੈ ਤੇ ਇਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਐਡਵੋਕੇਟ ਨੇ ਕਿਹਾ ਕਿ ਸਰਕਾਰ ਇਨ੍ਹਾਂ ਖ਼ਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਉਨ੍ਹਾਂ ਕਿਹਾ ਦੇਸ ਆਜ਼ਾਦ ਹੋਏ ਨੂੰ 76 ਸਾਲ ਹੋ ਗਏ ਹਨ ਪਰ ਗਰੀਬ ਪਰਿਵਾਰ ਅਜੇ ਵੀ ਬੰਧੂਆ ਮਜ਼ਦੂਰ ਬਣਾਕੇ ਰੱਖੇ ਹੋਏ ਹਨ।

Related Post