ਠੱਗਾਂ ਦਾ ਨਵਾਂ ਪੈਂਤਰਾ ! Faridkot DC ਦੇ ਨਾਂਅ 'ਤੇ ਠੱਗੀ ਦੀ ਕੋਸ਼ਿਸ਼, ਸੋਸ਼ਲ ਮੀਡੀਆ ਰਾਹੀਂ ਮੰਗੇ ਜਾ ਰਹੇ ਪੈਸੇ
DC Punamdeep Kaur : ਠੱਗਾਂ ਵੱਲੋਂ ਨਿੱਤ ਦਿਨ ਠੱਗੀ ਦੇ ਨਵੇਂ ਢੰਗ ਅਪਣਾ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਅਜਿਹਾ ਹੀ ਇੱਕ ਨਵਾਂ ਮਾਮਲਾ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਨਾਂਅ 'ਤੇ ਸਾਹਮਣੇ ਆਇਆ ਹੈ। ਠੱਗਾਂ ਵੱਲੋਂ ਇਸ ਨਵੇਂ ਪੈਂਤਰੇ ਵਿੱਚ ਡਿਪਟੀ ਕਮਿਸ਼ਨਰ ਦੀ ਤਸਵੀਰ ਡੀਪੀ (ਪ੍ਰੋਫਾਈਲ) 'ਤੇ ਲਾ ਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।
ਇੱਕ ਅਣਜਾਣ ਵਿਅਕਤੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਫੋਟੋ ਦੀ ਵਰਤੋਂ ਕਰਕੇ ਇੱਕ ਵਿਦੇਸ਼ੀ ਨੰਬਰ, 84 92557 2104 (ਵੀਅਤਨਾਮ) ਦੀ ਵਰਤੋਂ ਕਰਕੇ ਵਟਸਐਪ ਚੈਟ ਰਾਹੀਂ ਲੋਕਾਂ ਤੋਂ ਪੈਸੇ ਦੀ ਮੰਗ ਕਰ ਰਿਹਾ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਅਜਿਹੇ ਸ਼ੱਕੀ ਨੰਬਰ ਤੋਂ ਸੁਨੇਹਾ ਮਿਲਦਾ ਹੈ, ਤਾਂ ਉਹ ਤੁਰੰਤ ਨੰਬਰ ਨੂੰ ਬਲਾਕ ਕਰ ਦੇਣ ਅਤੇ ਕਿਸੇ ਵੀ ਸੰਚਾਰ ਜਾਂ ਲੈਣ-ਦੇਣ ਤੋਂ ਗੁਰੇਜ਼ ਕਰਨ। ਪ੍ਰਸ਼ਾਸਨ ਨੇ ਜ਼ਿਲ੍ਹਾ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।

ਪੁਲਿਸ ਸਾਈਬਰ ਸੈੱਲ ਧੋਖਾਧੜੀ ਕਰਨ ਵਾਲੇ ਦੀ ਪਛਾਣ ਕਰਨ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜ਼ਿਲ੍ਹਾ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਧੋਖਾਧੜੀ ਵਾਲੇ ਸੰਦੇਸ਼ਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ।
- PTC NEWS