ਇਰਾਕ ਚ ਵਿਆਹ ਸਮਾਗਮ ਚ ਲੱਗੀ ਭਿਆਨਕ ਅੱਗ, 100 ਤੋਂ ਵੱਧ ਲੋਕਾਂ ਦੀ ਮੌਤਾਂ
ਬਗਦਾਦ: ਉੱਤਰੀ ਇਰਾਕ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਸੈਂਕੜੇ ਲੋਕ ਇੱਥੇ ਇੱਕ ਵਿਆਹ ਦਾ ਜਸ਼ਨ ਮਨਾ ਰਹੇ ਸਨ ਜਦੋਂ ਸਮਾਗਮ ਵਾਲੀ ਥਾਂ 'ਤੇ ਅੱਗ ਲੱਗ ਗਈ। ਈਸਾਈ ਵਿਆਹ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਇੱਕ ਵਿਆਹ ਹਾਲ ਵਿੱਚ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 150 ਜ਼ਖ਼ਮੀ ਹੋ ਗਏ। ਇਰਾਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇਰਾਕ ਦੇ ਨੀਨੇਵੇਹ ਸੂਬੇ ਦੇ ਹਮਦਾਨੀਆ ਇਲਾਕੇ 'ਚ ਵਾਪਰੀ, ਜੋ ਮੋਸੁਲ ਤੋਂ ਕੁਝ ਦੂਰੀ 'ਤੇ ਹੈ।
ਸੈਂਕੜੇ ਲੋਕ ਜ਼ਖਮੀ
ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ-ਬਦਰ ਨੇ ਇਸ ਤੋਂ ਪਹਿਲਾਂ ਇਰਾਕ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਸੀ ਕਿ ਜ਼ਖਮੀਆਂ ਦੀ ਗਿਣਤੀ 150 ਹੈ। ਬੁਲਾਰੇ ਨੇ ਕਿਹਾ, ''ਇਸ ਦੁਖਦਾਈ ਘਟਨਾ ਦੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਆਨਲਾਈਨ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।"
ਨੀਨੇਵੇਹ ਪ੍ਰਾਂਤ ਦੇ ਗਵਰਨਰ ਨਾਜ਼ਿਮ ਅਲ-ਜੁਬੌਰੀ ਨੇ ਕਿਹਾ, "ਬਹੁਤ ਸਾਰੇ ਜ਼ਖਮੀਆਂ ਨੂੰ ਖੇਤਰੀ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ। ਇਹ ਮ੍ਰਿਤਕਾਂ ਦਾ ਅੰਤਿਮ ਅੰਕੜਾ ਨਹੀਂ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।"
ਪਟਾਕਿਆਂ ਕਾਰਨ ਹੋਇਆ ਹਾਦਸਾ
ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਇੱਕ ਟੈਲੀਵਿਜ਼ਨ ਨਿਊਜ਼ ਚੈਨਲ ਨੇ ਆਪਣੀ ਖ਼ਬਰ ਵਿੱਚ ਖ਼ਦਸ਼ਾ ਪ੍ਰਗਟਾਇਆ ਕਿ ਇਹ ਹਾਦਸਾ ਸਮਾਗਮ ਵਾਲੀ ਥਾਂ 'ਤੇ ਚਲਾਈ ਗਈ ਆਤਿਸ਼ਬਾਜ਼ੀ ਕਾਰਨ ਵਾਪਰਿਆ ਹੋ ਸਕਦਾ ਹੈ।
ਇਰਾਕੀ ਨਿਊਜ਼ ਏਜੰਸੀ ਨੇ ਸਿਵਲ ਡਿਫੈਂਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਵਿਆਹ ਵਾਲੀ ਥਾਂ ਦੇ ਬਾਹਰੀ ਹਿੱਸੇ ਦੀ ਸਜਾਵਟ 'ਚ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜੋ ਦੇਸ਼ 'ਚ ਗੈਰ-ਕਾਨੂੰਨੀ ਹੈ। ਸਿਵਲ ਡਿਫੈਂਸ ਅਧਿਕਾਰੀ ਨੇ ਦੱਸਿਆ, "ਅੱਗ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਅਤੇ ਘੱਟ ਕੀਮਤ ਵਾਲੀ ਉਸਾਰੀ ਸਮੱਗਰੀ ਦੀ ਵਰਤੋਂ ਕਾਰਨ ਲੱਗੀ, ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਵੱਡਾ ਰੂਪ ਲੈ ਲਿਆ ਅਤੇ ਅੱਗ ਕਾਰਨ ਮੈਰਿਜ ਹਾਲ ਦਾ ਕੁਝ ਹਿੱਸਾ ਢਹਿ ਗਿਆ।"
ਇਹ ਵੀ ਪੜ੍ਹੋ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਪੰਜਾਬ 'ਚ 30 ਥਾਵਾਂ 'ਤੇ ਛਾਪੇਮਾਰੀ, ਇੱਥੇ ਪੜ੍ਹੋ ਪਲ-ਪਲ ਦੀ ਅਪਡੇਟ