ਦੋ ਸਾਲ ਤਾਂ ਨੀਂ ਮੈਂ ਕਿਸੇ ਨੂੰ ਕੁੱਝ ਕਿਹੈ... ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਧਮਕੀ ਵੀਡੀਓ ਵਾਇਰਲ
ਗੁਰਦੀਪ ਸਿੰਘ ਰੰਧਾਵਾ ਵਿਰੋਧੀ ਨੂੰ ਧਮਕੀ ਦਿੰਦੇ ਹੋਏ ਕਹਿ ਰਹੇ ਹਨ ਕਿ ਦੋ ਸਾਲ ਤਾਂ ਉਨ੍ਹਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਕਿਹੜਾ ਕਾਂਗਰਸ ਪਾਰਟੀ ਜਾਂ ਫਿਰ ਅਕਾਲੀਆਂ ਦੇ ਬਸਤੇ ਚੁੱਕਦਾ ਹੈ।
ਲੋਕ ਸਭਾ ਚੋਣਾਂ (Lok Sabha Election 2024) ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਥੇ ਇਸ ਦੌਰਾਨ ਵੋਟਰਾਂ ਨੂੰ ਉਮੀਦਵਾਰ ਨਿਮਰਤਾ ਅਤੇ ਪਿਆਰ ਨਾਲ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ, ਉਥੇ ਗੁਰਦਾਸਪੁਰ 'ਚ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਵੱਲੋਂ ਕਥਿਤ ਤੌਰ 'ਤੇ ਧਮਕੀਆਂ ਦੇਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦਾ ਇਹ ਆਗੂ ਗੁਰਦੀਪ ਸਿੰਘ ਰੰਧਾਵਾ, ਪਾਰਟੀ ਦਾ ਡੇਰਾ ਬਾਬਾ ਨਾਨਕ ਤੋਂ ਹਲਕਾ ਇੰਚਾਰਜ ਹੈ।ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਰੱਖੀ ਇਸ ਮੀਟਿੰਗ ਦੀ ਇੱਕ ਛੋਟੀ ਜਿਹੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਦੀਪ ਸਿੰਘ ਰੰਧਾਵਾ ਵਿਰੋਧੀ ਨੂੰ ਧਮਕੀ ਦਿੰਦੇ ਹੋਏ ਕਹਿ ਰਹੇ ਹਨ ਕਿ ਦੋ ਸਾਲ ਤਾਂ ਉਨ੍ਹਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਕਿਹੜਾ ਕਾਂਗਰਸ ਪਾਰਟੀ ਜਾਂ ਫਿਰ ਅਕਾਲੀਆਂ ਦੇ ਬਸਤੇ ਚੁੱਕਦਾ ਹੈ। ਇੱਥੇ ਹੀ ਬੱਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਭਾਵੇਂ ਬਾਅਦ ਵਿੱਚ ਉਨ੍ਹਾਂ ਨੂੰ ਕੋਈ ਜਿੰਨਾ ਮਰਜ਼ੀ ਮਾੜਾ ਕਹਿੰਦਾ ਰਹੇ ਕਿ ਉਨ੍ਹਾਂ ਨੇ ਬੜਾ ਧੱਕਾ ਕਰਾਇਆ ਪਰ ਉਹ ਉਸ ਨੂੰ ਅਜਿਹਾ ਸਮਾਂ ਵੀ ਦਿਖਾਉਣਗੇ, ਜਿਹੜਾ ਸਮਾਂ ਉਸਨੇ ਕਦੇ ਨਹੀਂ ਵੇਖਿਆ ਹੋਵੇਗਾ।
ਅਕਾਲੀ ਦਲ ਨੇ ਪ੍ਰਗਟਾਇਆ ਰੋਸ
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਅਜਿਹੀ ਘਟੀਆ ਸ਼ਬਦਾਵਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਚੋਣਾਂ ਵਾਲੇ ਦਿਨ ਆਪਣੀਆਂ ਪਾਰਟੀਆਂ ਦੇ ਬੂਥਾਂ ਦਾ ਪ੍ਰਬੰਧ ਕਰਨ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਇਸ ਤੋਂ ਪੰਜਾਬ ਵਿੱਚ ਸੱਤਾਧਾਰੀ ‘ਆਪ’ ਦੇ ਇਰਾਦਿਆਂ ਦਾ ਪਤਾ ਲੱਗਦਾ ਹੈ।