ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ! ਤਿੰਨ ਸੰਸਦ ਮੈਂਬਰਾਂ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ ਪਾਰਟੀ

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਸਿਰਫ਼ ਇੱਕ ਸਾਲ ਦੇ ਲਗਭਗ ਦਾ ਸਮਾਂ ਬਚਿਆ ਹੈ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਮੂਲੀਅਤ ਕਰ ਲਈ ਹੈ।

By  KRISHAN KUMAR SHARMA April 24th 2026 03:59 PM -- Updated: April 24th 2026 05:36 PM

AAP Punjab : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਸਿਰਫ਼ ਇੱਕ ਸਾਲ ਦੇ ਲਗਭਗ ਦਾ ਸਮਾਂ ਬਚਿਆ ਹੈ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ (Punjab Politics) ਵਿੱਚ ਵੱਡਾ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ (Aam Aadmi Party) ਦੇ ਤਿੰਨ ਸੰਸਦ ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਮੂਲੀਅਤ ਕਰ ਲਈ ਹੈ। ਇਨ੍ਹਾਂ ਤਿੰਨ ਸੰਸਦ ਮੈਂਬਰਾਂ 'ਚ ਰਾਘਵ ਚੱਢਾ (Raghav Chadha), ਅਸ਼ੋਕ ਮਿੱਤਲ (Ashok Mittal) ਅਤੇ ਸੰਦੀਪ ਪਾਠਕ (Sandeep Pathak) ਸ਼ਾਮਲ ਹਨ, ਜਿਨ੍ਹਾਂ ਨੇ ਪਾਰਟੀ 'ਤੇ ਮੁੱਢਲੇ ਸਿਧਾਂਤਾਂ ਤੋਂ ਭਟਕ ਜਾਣ ਦਾ ਇਲਜ਼ਾਮ ਲਾਇਆ ਹੈ।

ਭਾਜਪਾ 'ਚ ਸ਼ਾਮਲ ਹੋਣਗੇ 7 ਸਾਂਸਦ ?

ਇਸ ਦੌਰਾਨ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਸਾਬਕਾ ਕ੍ਰਿਕਟਰ ਅਤੇ ਪਾਰਟੀ ਨੇਤਾ ਹਰਭਜਨ ਸਿੰਘ (Harbhajan Singh), ਰਾਜਿੰਦਰ ਗੁਪਤਾ, ਵਿਕਰਮ ਸਾਹਨੀ (Vikram Singh Sahni) ਅਤੇ ਸਵਾਤੀ ਮਾਲੀਵਾਲ ਵੀ ਉਨ੍ਹਾਂ ਦੇ ਨਾਲ ਹਨ, ਜਿਸ ਨਾਲ ਭਾਜਪਾ (BJP) ਵਿੱਚ ਸ਼ਾਮਲ ਹੋਣ ਵਾਲੇ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ ਸੱਤ ਹੋ ਗਈ ਹੈ।

'ਮੈਂ ਸਹੀ ਆਦਮੀ ਗਲਤ ਪਾਰਟੀ 'ਚ ਸੀ'

ਚੱਢਾ ਨੇ ਕਿਹਾ, "ਪਿਛਲੇ ਕੁਝ ਸਾਲਾਂ ਤੋਂ, ਮੈਨੂੰ ਲੱਗਦਾ ਹੈ ਕਿ ਮੈਂ ਗਲਤ ਪਾਰਟੀ ਵਿੱਚ ਸਹੀ ਆਦਮੀ ਹਾਂ। ਅਸੀਂ ਸੰਵਿਧਾਨ ਦੇ ਉਪਬੰਧਾਂ ਦੀ ਵਰਤੋਂ ਕਰਦੇ ਹੋਏ ਭਾਜਪਾ ਵਿੱਚ ਰਲੇਵਾਂ ਕਰਨ ਦਾ ਫੈਸਲਾ ਕੀਤਾ ਹੈ।" ਉਨ੍ਹਾਂ ਕਿਹਾ ਕਿ ਅਸੀਂ ਸਾਰੇ ਭਾਜਪਾ ਵਿੱਚ ਸ਼ਮੂਲੀਅਤ ਕਰ ਰਹੇ ਹਾਂ ਅਤੇ ਰਾਜ ਸਭਾ ਸਕੱਤਰੇਤ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।

ਦੱਸ ਦਈਏ ਕਿ ਸਾਂਸਦ ਅਸ਼ੋਕ ਮਿੱਤਲ ਦੀਆਂ ਜਾਇਦਾਦਾਂ 'ਤੇ ਇਸੇ ਮਹੀਨੇ ਹੀ ਕੇਂਦਰ ਸਰਕਾਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਸੀ।

ਰਾਜ ਸਭਾ 'ਚ 'ਆਪ' ਦੇ ਕੁੱਲ ਕਿੰਨੇ ਮੈਂਬਰ ?

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ 'ਚ ਕੁੱਲ 10 ਸਾਂਸਦ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਕੁਮਾਰ ਮਿੱਤਲ, ਵਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਾਜਿੰਦਰ ਗੁਪਤਾ, ਸੰਜੇ ਸਿੰਘ, ਬਲਬੀਰ ਸਿੰਘ ਸੀਚੇਵਾਲ ਅਤੇ ਐਨ.ਡੀ. ਗੁਪਤਾ ਸਨ, ਪਰ ਹੁਣ 3 ਮੈਂਬਰਾਂ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕਰਨ ਅਤੇ ਰਾਘਵ ਚੱਢਾ ਦੇ 4 ਹੋਰ ਸੰਸਦ ਮੈਂਬਰਾਂ ਦੇ ਆਪਣੇ ਨਾਲ ਹੋਣ ਦੇ ਦਾਅਵੇ ਪਿੱਛੋਂ ਸਿਰਫ਼ 3 ਸੰਸਦ ਮੈਂਬਰ ਹੀ ਆਮ ਆਦਮੀ ਪਾਰਟੀ ਕੋਲ ਬਚਦੇ ਹਨ।

ਕਿੱਥੋਂ ਸ਼ੁਰੂ ਹੋਈ ਫੁੱਟ ?

ਦੱਸ ਦਈਏ ਕਿ 2 ਅਪ੍ਰੈਲ ਨੂੰ ਆਪ ਨੇ ਰਾਘਵ ਚੱਢਾ ਨੂੰ 'ਆਪ' ਰਾਜ ਸਭਾ ਸੰਸਦ ਮੈਂਬਰਾਂ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ। ਇਸ ਸਬੰਧੀ ਰਾਜ ਸਭਾ ਸਕੱਤਰੇਤ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਪਾਰਟੀ ਦੇ ਕੋਟੇ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ।

ਆਪ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ), ਫਗਵਾੜਾ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਨਿਯੁਕਤ ਕੀਤਾ। ਰਾਘਵ 2022 ਤੋਂ ਪੰਜਾਬ ਤੋਂ 'ਆਪ' ਰਾਜ ਸਭਾ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਦਾ ਕਾਰਜਕਾਲ 2028 ਵਿੱਚ ਖਤਮ ਹੁੰਦਾ ਹੈ।

Related Post