ਪੁਲਿਸ ਤੇ ਗੈਂਗਸਟਰ ਵਿਚਕਾਰ ਮੁੱਠਭੇੜ ਦੌਰਾਨ ਗੈਂਗਸਟਰ ਦੇ ਵੱਜੀ ਗੋਲੀ
Punjab News: ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਨੇਸ ਨਹਿਰ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁੱਠਭੇੜ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁੱਠਭੇੜ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ ਗੈਂਗਸਟਰ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਘਟਨਾ ਸਥਾਨ ’ਤੇ ਐਸ.ਐਸ.ਪੀ. ਮਹਿਤਾਬ ਸਿੰਘ ਬਟਾਲਾ , ਸੀ.ਆਈ.ਏ. ਦੀ ਟੀਮ, ਫਰੈਂਸਿਕ ਟੀਮਾਂ ਅਤੇ ਥਾਣਾ ਘੁਮਾਣ ਦੇ ਨਾਲ ਨਾਲ ਹੋਰ ਵੱਖ-ਵੱਖ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਬਟਾਲਾ ਵਿਖੇ ਗਾਰਮੈਂਟ ਦੀ ਦੁਕਾਨ ਦੇ ਮਾਲਕ ਕੋਲੋਂ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਵਲੋਂ 10 ਲੱਖ ਦੀ ਫਿਰੌਤੀ ਮੰਗੀ ਸੀ ਤੇ ਫਿਰੌਤੀ ਨਾ ਦੇਣ ’ਤੇ ਗੋਲੀਆਂ ਚਲਾਈਆਂ ਗਈਆਂ ।
ਪੁਲਿਸ ਵਲੋਂ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਖਿਲਾਫ਼ ਮੁਕਦਮਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਸੀ। ਬੀਤੀ ਕੱਲ੍ਹ ਬਲਦੇਵ ਸਿੰਘ ਉਰਫ਼ ਕਰਨ ਪੁੱਤਰ ਚਾਂਦ ਸਿੰਘ ਵਾਸੀ ਖਜਾਲਾ ਥਾਣਾ ਘੁਮਾਣ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਵਲੋਂ ਹਥਿਆਰ ਬਰਾਮਦ ਕਰਨ ਲਈ ਨਹਿਰ ਢੰਡੇ ਪਿੰਡ ਮਨੇਸ ਨੇੜੇ ਜਦ ਪੁਲਿਸ ਨੇ ਲਿਆਂਦਾ ਤਾਂ ਬਲਦੇਵ ਸਿੰਘ ਉਰਫ਼ ਕਰਨ ਵਲੋਂ ਪੁਲਿਸ ’ਤੇ ਗੋਲੀਆਂ ਚਲਾਈਆਂ, ਜਿਸ ਦੌਰਾਨ ਪੁਲਿਸ ਨੇ ਜਵਾਬੀ ਫਾਇਰ ਦੌਰਾਨ ਬਲਦੇਵ ਸਿੰਘ ਦੇ ਗੋਲੀ ਵੱਜੀ, ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ। ਮੌਕੇ ’ਤੇ ਵੱਡੀ ਗਿਣਤੀ ਵਿਚ ਪੁਲਿਸ ਪਾਰਟੀਆਂ ਘਟਨਾ ਸਥਾਨ ’ਤੇ ਪਹੁੰਚੀਆਂ ਹਨ।
- PTC NEWS