Mandi Gobindgarh ਦੇ ਇਕ ਮਿਲਕ ਪਲਾਂਟ ’ਚ ਵਾਪਰਿਆ ਦਰਦਨਾਕ ਹਾਦਸਾ ; 20 ਫੁੱਟ ਡੂੰਘੇ ਟੈਂਕ ’ਚ ਡਿੱਗਣ ਕਾਰਨ ਮੁਲਾਜ਼ਮਦੀ ਮੌਤ

ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਿਮਰਨਜੀਤ ਸਿੰਘ ਪਿਛਲੇ ਕਰੀਬ ਢਾਈ ਸਾਲ ਤੋਂ ਸੁਪਰ ਮਿਲਕ ਪਲਾਂਟ ਵਿੱਚ ਕੰਮ ਕਰ ਰਿਹਾ ਸੀ, ਉਹ ਰੋਜ਼ਾਨਾ ਦੀ ਤਰ੍ਹਾਂ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਸੈਂਪਲ ਲੈਣ ਗਿਆ ਸੀ।

By  Aarti August 6th 2026 09:01 PM

Mandi Gobindgarh News : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਇਕ ਮਿਲਕ ਪਲਾਂਟ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਪਲਾਂਟ ਦੇ ਵੇਸਟ ਵਾਟਰ ਟ੍ਰੀਟਮੈਂਟ ਯੂਨਿਟ ਵਿੱਚ ਸੈਂਪਲ ਲੈਂਦੇ ਸਮੇਂ ਇੱਕ ਕਰਮਚਾਰੀ ਦੀ ਡੂੰਘੇ ਟੈਂਕ ਵਿੱਚ ਡਿੱਗਣ ਕਾਰਨ ਮੌਤ ਹੋ ਗਈ, ਮ੍ਰਿਤਕ ਦੀ ਪਛਾਣ 25 ਸਾਲਾ ਸਿਮਰਨਜੀਤ ਸਿੰਘ ਵਾਸੀ ਪ੍ਰੀਤ ਨਗਰ, ਸਰਹਿੰਦ ਵਜੋਂ ਹੋਈ ਹੈ। ਪਰਿਵਾਰ ਨੇ ਮੈਨੇਜਮੈਂਟ 'ਤੇ ਗੰਭੀਰ ਸਵਾਲ ਚੁੱਕੇ ਹਨ, ਜਦਕਿ ਕੰਪਨੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਕਰਮਚਾਰੀ ਦੀ ਡੂੰਘੇ ਟੈਂਕ ਵਿੱਚ ਡਿੱਗਣ ਕਾਰਨ ਮੌਤ 

ਮ੍ਰਿਤਕ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ  ਸਿਮਰਨਜੀਤ ਸਿੰਘ ਪਿਛਲੇ ਕਰੀਬ ਢਾਈ ਸਾਲ ਤੋਂ ਸੁਪਰ ਮਿਲਕ ਪਲਾਂਟ ਵਿੱਚ ਕੰਮ ਕਰ ਰਿਹਾ ਸੀ, ਉਹ ਰੋਜ਼ਾਨਾ ਦੀ ਤਰ੍ਹਾਂ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਸੈਂਪਲ ਲੈਣ ਗਿਆ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਨਾਲ ਭਰੇ ਟੈਂਕ ਵਿੱਚ ਡਿੱਗ ਪਿਆ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ।

ਪੀੜਤ ਪਰਿਵਾਰ ਵੱਲੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਪਲਾਂਟ ਪਹੁੰਚੇ, ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਮੈਨੇਜਮੈਂਟ ਵੱਲੋਂ ਉਨ੍ਹਾਂ ਦੀ ਕੋਈ ਸੰਤੋਸ਼ਜਨਕ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਸੰਤੁਲਨ ਵਿਗੜਨ ਕਾਰਵ ਵਾਪਰਿਆ ਹਾਦਸਾ 

ਦੂਜੇ ਪਾਸੇ ਮਿਲਕ ਪਲਾਂਟ ਦੇ ਜੀ.ਐਮ ਆਪ੍ਰੇਸ਼ਨ ਐਸ.ਡੀ. ਬਾਤਿਸ਼ ਨੇ ਦੱਸਿਆ ਕਿ ਸਿਮਰਨਜੀਤ ਰੋਜ਼ਾਨਾ ਦੀ ਤਰ੍ਹਾਂ ਸੈਂਪਲ ਲੈਣ ਗਿਆ ਸੀ, ਜਿੱਥੇ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਰੀਬ 20 ਫੁੱਟ ਡੂੰਘੇ ਟੈਂਕ ਵਿੱਚ ਡਿੱਗ ਪਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਤੁਰੰਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

ਉਧਰ ਪੁਲਿਸ ਨੇ ਵੀ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਿਲਕ ਪਲਾਂਟ ਵਿੱਚ ਇੱਕ ਕਰਮਚਾਰੀ ਦੀ ਮੌਤ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਸਾਰੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ  : Gurbani Live Telecast : ਸ਼੍ਰੋਮਣੀ ਕਮੇਟੀ ਨੇ GTC News ਨੂੰ ਭੇਜਿਆ ਨੋਟਿਸ, ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ SGPC ਕੋਲ ਰਾਖਵੇਂ

Related Post