Aditya L1 Mission ਦੇ ਗਵਾਹ ਬਣਨਗੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸ਼ਨਿੱਚਰਵਾਰ ਨੂੰ ਮਿਸ਼ਨ ਸੂਰਜ ਯਾਨੀ ਆਦਿਤਿਆ ਐਲ-1 (Aditya L1 Mission) ਦੀ ਸ਼ੁਰੂਆਤ ਦੇ ਗਵਾਹ ਹੋਣਗੇ। ਇਸ ਦੇ ਲਈ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਗਏ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਬਿਲਕੁਲ ਨਵਾਂ ਤਜਰਬਾ ਹੋਵੇਗਾ। ਉਹ ਜਿਹੜੀਆਂ ਚੀਜ਼ਾਂ ਬਾਰੇ ਕਿਤਾਬਾਂ, ਮੀਡੀਆ ਜਾਂ ਇੰਟਰਨੈਟ 'ਤੇ ਪੜ੍ਹਦੇ ਹਨ, ਉਹ ਜਾ ਕੇ ਉਨ੍ਹਾਂ ਨੂੰ ਨੇੜੇ ਤੋਂ ਦੇਖੇ ਸਕਣਗੇ।
ਬੈਂਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸਰੋ ਵੱਲੋਂ ਜੋ ਵੀ ਲਾਂਚ ਕੀਤਾ ਜਾਵੇਗਾ ਉਸ ਵਿੱਚ ਸੂਬੇ ਦੇ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਇਆ ਜਾਂਦਾ ਹੈ ਸਗੋਂ ਉਨ੍ਹਾਂ ਨੂੰ ਚੀਜ਼ਾਂ ਦਾ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਵਿਦਿਅਕ ਅਤੇ ਉਦਯੋਗਿਕ ਟੂਰ ਕਰਵਾਏ ਜਾਂਦੇ ਹਨ। ਇਸ ਕੜੀ ਵਿੱਚ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀਆਂ ਨੂੰ ਇਸਰੋ ਦੇ ਹੈੱਡਕੁਆਰਟਰ ਸ਼੍ਰੀਹਰੀਕੋਟਾ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਸਿੱਖਿਆ ਵਿਭਾਗ ਦੀ ਤਰਫੋਂ ਇਸਰੋ ਨਾਲ ਇਕ ਸਮਝੌਤਾ ਕੀਤਾ ਗਿਆ ਹੈ।
ਇਨ੍ਹਾਂ ਬੱਚਿਆਂ ਦੇ ਟੂਰ 'ਤੇ ਹੋਣ ਵਾਲਾ ਸਾਰਾ ਖਰਚਾ ਵੀ ਸਿੱਖਿਆ ਵਿਭਾਗ ਵੱਲੋਂ ਚੁੱਕਿਆ ਜਾਵੇਗਾ। ਯਾਦ ਰਹੇ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ PSLB-56 ਦੇ ਲਾਂਚ ਨੂੰ ਦੇਖਿਆ ਸੀ। ਇਸ ਦੇ ਨਾਲ ਹੀ ਰਾਜ ਦੇ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਆਈ.ਆਈ.ਐਮ ਅਹਿਮਦਾਬਾਦ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਧਿਆਪਨ ਦੇ ਨਵੇਂ ਤਰੀਕੇ ਅਤੇ ਪ੍ਰਬੰਧਨ ਹੁਨਰ ਸਿਖਾਇਆ ਜਾ ਸਕੇ। ਹੁਣ ਤੱਕ ਅਧਿਆਪਕਾਂ ਦੇ ਪੰਜ ਬੈਚਾਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ।