AGTF ਨੂੰ ਮਿਲੀ ਵੱਡੀ ਸਫ਼ਲਤਾ; ਟਾਰਗੇਟ ਕਿਲਿੰਗ ਦੀ ਤਿਆਰੀ 'ਚ ਬੈਠੇ ਬੰਬੀਹਾ ਗੈਂਗ ਦੇ 4 ਸਰਗਣੇ ਗ੍ਰਿਫਤਾਰ

By  Jasmeet Singh October 20th 2023 12:28 PM

ਮੁਹਾਲੀ: ਪੰਜਾਬ 'ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ) ​​ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਬੰਬੀਹਾ ਗੈਂਗ ਦੇ 4 ਸਰਗਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਏ.ਜੀ.ਟੀ.ਐੱਫ ਨੇ ਮੁਹਾਲੀ ਪੁਲਿਸ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ। 

ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਬੰਬੀਹਾ ਗੈਂਗ ਦੇ ਚਾਰ ਫੜੇ ਗਏ ਸਰਗਣੇ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ ਅਤੇ ਉਨ੍ਹਾਂ ਨੂੰ ਵਿਦੇਸ਼ ਤੋਂ ਕਾਰਵਾਈ ਲਈ ਆਰਡਰ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਤੋਂ ਮਿਲ ਰਹੇ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ।


ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਏ.ਜੀ.ਟੀ.ਐੱਫ ਪੰਜਾਬ ਨੇ ਐੱਸ.ਏ.ਐੱਸ ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਬੰਬੀਹਾ ਗਰੋਹ ਦੇ 4 ਮੁੱਖ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵਿਦੇਸ਼ ਸਥਿਤ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਵੱਲੋਂ ਹੈਂਡਲ ਕੀਤਾ ਜਾ ਰਿਹਾ ਸੀ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੱਕੀ ਪਟਿਆਲ ਨੇ ਫੜੇ ਗਏ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖਾਸ ਟਿਕਾਣਿਆਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਹੋਇਆ ਸੀ।


ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਤੌਲ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚੋਂ 2 ਅਤਿ-ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸਤੌਲ ਜਦਕਿ 2 ਦੇਸੀ ਪਿਸਤੌਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ 25 ਰੌਂਦ ਵੀ ਬਰਾਮਦ ਕੀਤੇ ਹਨ। 

ਦੱਸਿਆ ਜਾ ਰਿਹਾ ਕਿ ਪੁਲਿਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਉਨ੍ਹਾਂ ਦਾ ਨਿਸ਼ਾਨਾ ਕੌਣ ਸੀ ਅਤੇ ਉਹ ਕਦੋਂ ਕਾਰਵਾਈ ਕਰਨ ਜਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ ਵਿੱਚ ਬੇਅਦਬੀਆਂ ਦੀ ਸਾਜਿਸ਼! ਨਹੀਂ ਰੁਕ ਰਿਹਾ ਬੇਅਦਬੀਆਂ ਦਾ ਸਿਲਸਿਲਾ ਸੰਗਤਾਂ 'ਚ ਭਾਰੀ ਰੋਸ !

Related Post