Rajasthan High Court ਸਿਵਲ ਜੱਜ ਦੀ ਭਰਤੀ ਲਈ ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ: SGPC

Rajasthan High Court ਦੇ ਸਿਵਲ ਜੱਜ ਦੀ ਭਰਤੀ ਲਈ ਅੱਜ ਹੋਈ ਪ੍ਰੀਖਿਆ ਦੌਰਾਨ ਪੇਪਰ ਦੇਣ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਣ ਲਈ ਆਖਣ ਅਤੇ ਪ੍ਰੀਖਿਆ ਵਿੱਚ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ।

By  Shanker Badra July 27th 2025 01:20 PM -- Updated: July 27th 2025 01:27 PM

Amritsar News : ਰਾਜਸਥਾਨ ਹਾਈਕੋਰਟ ਦੇ ਸਿਵਲ ਜੱਜ ਦੀ ਭਰਤੀ ਲਈ ਅੱਜ ਹੋਈ ਪ੍ਰੀਖਿਆ ਦੌਰਾਨ ਪੇਪਰ ਦੇਣ ਪਹੁੰਚੀ ਇੱਕ ਗੁਰਸਿੱਖ ਲੜਕੀ ਨੂੰ ਸਿੱਖ ਕਕਾਰ ਕਿਰਪਾਨ ਤੇ ਕੜਾ ਉਤਾਰਣ ਲਈ ਆਖਣ ਅਤੇ ਪ੍ਰੀਖਿਆ ਵਿੱਚ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦੀ ਵੱਡੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਗੁਰਸਿੱਖ ਲੜਕੀ ਨੂੰ ਕਿਰਪਾਨ ਸਮੇਤ ਪ੍ਰੀਖਿਆ ਵਿੱਚੋਂ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਇਸ ਆਪਹੁਦਰੀ ਹਰਕਤ ਨਾਲ ਇੱਕ ਬੱਚੀ ਪ੍ਰੀਖਿਆ ਤੋਂ ਵਾਂਝੀ ਰਹਿ ਗਈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਸਾਲ ਵੀ ਰਾਜਸਥਾਨ ਵਿਚ ਕੁਝ ਵਿਦਿਆਰਥੀਆਂ ਨਾਲ ਅਜਿਹਾ ਵਰਤਾਰਾ ਹੋਇਆ ਸੀ, ਜਿਸ ਤੇ ਸ਼੍ਰੋਮਣੀ ਕਮੇਟੀ ਦੇ ਇੱਕ ਵਫਦ ਨੇ ਉਥੋਂ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਅਤੇ ਅਗੋਂ ਅਜਿਹਾ ਨਾ ਹੋਵੇ ਇਸ ਦਾ ਧਿਆਨ ਰੱਖਣ ਲਈ ਕਿਹਾ ਸੀ।

ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਕਿਰਪਾਨ ਪਹਿਨਣ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਕੋਈ ਵੀ ਅੰਮ੍ਰਿਤਧਾਰੀ ਸਿੱਖ ਆਪਣੇ ਸ਼ਰੀਰ ਨਾਲੋਂ ਪੰਜ ਕਕਾਰ ਵੱਖ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਸਿੱਖ ਉਮੀਦਵਾਰਾਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਕਕਾਰ ਉਤਾਰਣ ਲਈ ਆਖਿਆ ਜਾਂਦਾ ਹੈ ਅਤੇ ਵਿਰੋਧ ਕਰਨ ਉੱਤੇ ਮੁਕਾਬਲਾ ਪ੍ਰੀਖਿਆਵਾਂ ਵਿੱਚ ਦਾਖਲਾ ਨਹੀਂ ਦਿੱਤਾ ਜਾਂਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਵਰਤਾਰੇ ਨੂੰ ਆਪਣੇ ਹੀ ਦੇਸ਼ ਭਾਰਤ ਅੰਦਰ ਸਿੱਖਾਂ ਨਾਲ ਵੱਡਾ ਵਿਤਕਰਾ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਉਮੀਦਵਾਰਾਂ ਨਾਲ ਕੀਤਾ ਜਾਂਦਾ ਇਹ ਵਖਰੇਵਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

 ਉਨ੍ਹਾਂ ਕਿਹਾ ਕਿ ਸਭ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਦਾ ਹਿੱਸਾ ਹੈ ਅਤੇ ਇਹ ਸਿੱਖ ਪਛਾਣ, ਮੌਲਿਕ ਅਧਿਕਾਰਾਂ ਦੀ ਤਰਜਮਾਨ ਹੈ, ਫਿਰ ਵੀ ਸਿੱਖਾਂ ਨਾਲ ਨਫ਼ਰਤੀ ਵਿਹਾਰ ਕਰਨਾ ਅਤਿ ਨਿੰਦਣਯੋਗ ਹੈ। ਐਡੋਵੇਕਟ ਧਾਮੀ ਨੇ ਰਾਸਜਥਾਨ ਸਰਕਾਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਿੱਖ ਬੱਚੀ ਨੂੰ ਪੇਪਰ ਵਿੱਚ ਦਾਖਲੇ ਤੋਂ ਰੋਕਣ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਨ। ਉਨ੍ਹਾਂ ਮੁੱਖ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ ਅਧਿਕਾਰੀਆਂ ਦੇ ਗਲਤ ਵਤੀਰੇ ਕਾਰਨ ਪੇਪਰ ਦੇਣ ਤੋਂ ਰਹਿ ਗਈ ਸਿੱਖ ਉਮੀਦਵਾਰ ਦਾ ਇਹ ਪੇਪਰ ਦਿਵਾਉਣ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕਰਕੇ ਉਸ ਨੂੰ ਇਨਸਾਫ ਦਿੱਤਾ ਜਾਵੇ।

ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖ ਕਕਾਰਾਂ ਵਿਰੁੱਧ ਅਜਿਹੀਆਂ ਕਾਰਵਾਈਆਂ ਸਿੱਖ ਕਕਾਰਾਂ ਦੀ ਬੇਅਦਬੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਜਿਹੇ ਵਰਤਾਰੇ ਨੂੰ ਰੋਕਣ ਲਈ ਕਨੂੰਨ ਬਣਾਇਆ ਜਾਵੇ, ਜਿਸ ਤਹਿਤ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣ ਤਾਂ ਜ਼ੋ ਕੋਈ ਵੀ ਅਧਿਕਾਰੀ ਅਜਿਹੀ ਹਰਕਤ ਨਾ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਇੱਕ ਵਫਦ ਰਾਜਸਥਾਨ ਭੇਜਿਆ ਜਾਵੇਗਾ ਜੋ ਇਸ ਮਾਮਲੇ ਸਬੰਧੀ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਕਹੇਗਾ।

Related Post