Amritsar News : ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ; ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜੇ ਦੋ ਮੁਲਜ਼ਮ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ਼ ਸੁੱਖ ਵਾਸੀ ਘਰਿੰਡਾ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਲੋਪੋਕੇ ਵਜੋਂ ਹੋਈ ਹੈ। ਸੁਖਦੇਵ ਸਿੰਘ 23 ਸਾਲ ਦਾ ਹੈ ਅਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ, ਜਦਕਿ ਹਰਜਿੰਦਰ ਸਿੰਘ 37 ਸਾਲ ਦਾ ਹੈ ਅਤੇ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ।
Amritsar News : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕਿਲੋ 225 ਗ੍ਰਾਮ ਹੈਰੋਇਨ ਅਤੇ ਛੇ ਵਿਦੇਸ਼ੀ ਪਿਸਤੌਲ ਸਮੇਤ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਅਤੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ਼ ਸੁੱਖ ਵਾਸੀ ਘਰਿੰਡਾ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਲੋਪੋਕੇ ਵਜੋਂ ਹੋਈ ਹੈ। ਸੁਖਦੇਵ ਸਿੰਘ 23 ਸਾਲ ਦਾ ਹੈ ਅਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ, ਜਦਕਿ ਹਰਜਿੰਦਰ ਸਿੰਘ 37 ਸਾਲ ਦਾ ਹੈ ਅਤੇ ਕੰਬਾਈਨ ਚਲਾਉਣ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਸੁਖਦੇਵ ਸਿੰਘ ਪਹਿਲਾਂ ਵੀ ਇੱਕ ਹਥਿਆਰ ਤਸਕਰੀ ਮਾਮਲੇ ਵਿੱਚ ਲੋੜੀਂਦਾ ਸੀ। ਅਪ੍ਰੈਲ 2026 ਵਿੱਚ ਦਰਜ ਇੱਕ ਮਾਮਲੇ ਵਿੱਚ ਸੱਤ ਪਿਸਤੌਲਾਂ ਦੀ ਬਰਾਮਦਗੀ ਹੋਈ ਸੀ ਅਤੇ ਉਸ ਕੇਸ ਵਿੱਚ ਵੀ ਇਹ ਮੁਲਜ਼ਮ ਵਾਂਟੇਡ ਚੱਲ ਰਿਹਾ ਸੀ। ਪੁਲਿਸ ਨੇ ਪਹਿਲਾਂ ਸੁਖਦੇਵ ਸਿੰਘ ਨੂੰ ਕਾਬੂ ਕੀਤਾ, ਜਿਸ ਤੋਂ ਦੋ ਕਿਲੋ 225 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ‘ਮੌਲਾਨਾ’ ਨਾਮ ਦੇ ਇੱਕ ਪਾਕਿਸਤਾਨੀ ਸਮੱਗਲਰ ਦੇ ਸੰਪਰਕ ਵਿੱਚ ਸੀ ਅਤੇ ਡਰੋਨ ਰਾਹੀਂ ਭੇਜੀ ਜਾਣ ਵਾਲੀ ਖੇਪ ਨੂੰ ਸਰਹੱਦ ਤੋਂ ਪ੍ਰਾਪਤ ਕਰਦਾ ਸੀ।
ਇਸ ਤੋਂ ਬਾਅਦ ਮਿਲੀ ਜਾਣਕਾਰੀ ਦੇ ਆਧਾਰ ’ਤੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਹੋਏ। ਅਗਲੀ ਪੁੱਛਗਿੱਛ ਦੌਰਾਨ ਉਸ ਦੀ ਨਿਸ਼ਾਨਦੇਹੀ ’ਤੇ ਹੋਰ ਦੋ ਪਿਸਤੌਲ ਬਰਾਮਦ ਕੀਤੇ ਗਏ। ਕੁੱਲ ਛੇ ਆਧੁਨਿਕ ਅਤੇ ਵਿਦੇਸ਼ੀ ਬਣਾਵਟ ਦੇ ਹਥਿਆਰ ਬਰਾਮਦ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ .29 ਬੋਰ ਦਾ ਅਮਰੀਕੀ ਬਣਿਆ ਹਥਿਆਰ ਵੀ ਸ਼ਾਮਲ ਹੈ।
ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਤਸਕਰੀ ਨੈੱਟਵਰਕ ਵਿੱਚ ਕੋਰੀਅਰ ਦੀ ਭੂਮਿਕਾ ਨਿਭਾਉਂਦੇ ਸਨ। ਇਹ ਸਰਹੱਦ ਤੋਂ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਚੁੱਕ ਕੇ ਅੱਗੇ ਨੈੱਟਵਰਕ ਦੇ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਮੁਲਜ਼ਮਾਂ ਨੂੰ ਮੋਬਾਈਲ ਸੁਨੇਹਿਆਂ ਰਾਹੀਂ ਸਥਾਨ ਦੱਸੇ ਜਾਂਦੇ ਸਨ, ਜਿੱਥੇ ਉਨ੍ਹਾਂ ਨੇ ਹਥਿਆਰ ਜਾਂ ਨਸ਼ੀਲੇ ਪਦਾਰਥ ਛੱਡਣੇ ਹੁੰਦੇ ਸਨ।
ਉਨ੍ਹਾਂ ਕਿਹਾ ਕਿ ਜੇਕਰ ਇਹ ਹਥਿਆਰ ਅਤੇ ਹੈਰੋਇਨ ਗਲਤ ਹੱਥਾਂ ਵਿੱਚ ਪਹੁੰਚ ਜਾਂਦੇ ਤਾਂ ਵੱਡੀਆਂ ਅਪਰਾਧਿਕ ਘਟਨਾਵਾਂ ਵਾਪਰ ਸਕਦੀਆਂ ਸਨ। ਪੁਲਿਸ ਦੀ ਇਸ ਕਾਰਵਾਈ ਨਾਲ ਨਾ ਸਿਰਫ਼ ਇੱਕ ਵੱਡਾ ਤਸਕਰੀ ਨੈੱਟਵਰਕ ਬੇਨਕਾਬ ਹੋਇਆ ਹੈ, ਸਗੋਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਵੀ ਵੱਡਾ ਝਟਕਾ ਲੱਗਾ ਹੈ।
ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਾਂਚ ਦੌਰਾਨ ਹੋਰ ਵੀ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਪੁਲਿਸ ਉਨ੍ਹਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਛੋਟੇ ਲਾਲਚਾਂ ਅਤੇ ਗਲਤ ਸੰਗਤ ਤੋਂ ਬਚਣ, ਕਿਉਂਕਿ ਅਜਿਹੇ ਰਸਤੇ ਅੰਤ ਵਿੱਚ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ ਵੱਲ ਧੱਕ ਦਿੰਦੇ ਹਨ। ਉਨ੍ਹਾਂ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਟੈਲੀਜੈਂਸ ਅਧਾਰਿਤ ਇਸ ਆਪ੍ਰੇਸ਼ਨ ਨੂੰ ਬਹੁਤ ਹੀ ਪੇਸ਼ੇਵਰ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : America ’ਚ ਪੰਜਾਬੀ ਟਰੱਕ ਡਰਾਈਵਰ ਨੂੰ 75 ਸਾਲ ਦੀ ਸਜ਼ਾ; ਜੋਬਨਪ੍ਰੀਤ ਤੋਂ ਕਰੀਬ 90 ਕਰੋੜ ਦੀ ਹੈਰੋਇਨ ਹੋਈ ਸੀ ਬਰਾਮਦ