Amritsar ਪੁਲਿਸ ਨੇ ਇਮੀਗ੍ਰੇਸ਼ਨ ਦਫ਼ਤਰ ’ਤੇ ਫਾਇਰਿੰਗ ਮਾਮਲੇ ਚ 2 ਨਾਬਾਲਗ ਸਮੇਤ 3 ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
Amritsar News : ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਥਾਣਾ ਇਸਲਾਮਾਬਾਦ ਦੇ ਇਲਾਕੇ ਵਿੱਚ ਇਮੀਗ੍ਰੇਸ਼ਨ ਦਫ਼ਤਰ ’ਤੇ ਹੋਈ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਦੇ ਅਨੁਸਾਰ ਦਿਨ ਦੇ ਕਰੀਬ 12 ਵਜੇ ਕੁਝ ਅਣਪਛਾਤੇ ਲੋਕਾਂ ਨੇ ਉਸ ਬਿਲਡਿੰਗ ਦੇ ਉੱਪਰ ਗੋਲੀਆਂ ਚਲਾਈਆਂ, ਜਿਸ ਦੇ ਗਰਾਊਂਡ ਫ਼ਲੋਰ ’ਤੇ ਸਲੂਨ ਅਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਦਫ਼ਤਰ ਸਥਿਤ ਹੈ। ਇਸ ਵਾਰਦਾਤ ਸਬੰਧੀ ਐਫਆਈਆਰ ਨੰਬਰ 294 ਦਰਜ ਕੀਤੀ ਗਈ ਸੀ
Amritsar News : ਅੰਮ੍ਰਿਤਸਰ ਪੁਲਿਸ ਨੇ ਪਿਛਲੇ ਦਿਨੀਂ ਥਾਣਾ ਇਸਲਾਮਾਬਾਦ ਦੇ ਇਲਾਕੇ ਵਿੱਚ ਇਮੀਗ੍ਰੇਸ਼ਨ ਦਫ਼ਤਰ ’ਤੇ ਹੋਈ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਦੇ ਅਨੁਸਾਰ ਦਿਨ ਦੇ ਕਰੀਬ 12 ਵਜੇ ਕੁਝ ਅਣਪਛਾਤੇ ਲੋਕਾਂ ਨੇ ਉਸ ਬਿਲਡਿੰਗ ਦੇ ਉੱਪਰ ਗੋਲੀਆਂ ਚਲਾਈਆਂ, ਜਿਸ ਦੇ ਗਰਾਊਂਡ ਫ਼ਲੋਰ ’ਤੇ ਸਲੂਨ ਅਤੇ ਉੱਪਰ ਇੱਕ ਇਮੀਗ੍ਰੇਸ਼ਨ ਦਾ ਦਫ਼ਤਰ ਸਥਿਤ ਹੈ। ਇਸ ਵਾਰਦਾਤ ਸਬੰਧੀ ਐਫਆਈਆਰ ਨੰਬਰ 294 ਦਰਜ ਕੀਤੀ ਗਈ ਸੀ।
ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਦੀਆਂ ਖ਼ਾਸ ਟੀਮਾਂ ਬਣਾਈਆਂ ਗਈਆਂ ਸਨ। ਲਗਾਤਾਰ ਜਾਂਚ ਕਰਦਿਆਂ ਪੁਲਿਸ ਨੇ 31 ਅਗਸਤ ਨੂੰ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚ ਮੁੱਖ ਅਰੋਪੀ 18 ਸਾਲਾ ਅਰਮਾਨ ਠਾਕੁਰ ਹੈ, ਜਦਕਿ ਉਸਦੇ ਨਾਲ 2 ਨਾਬਾਲਗ ਵੀ ਸ਼ਾਮਲ ਹਨ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਅਰਮਾਨ ਨੂੰ 15-20 ਦਿਨ ਪਹਿਲਾਂ ਟੈਲੀਗ੍ਰਾਮ ਐਪ ’ਤੇ ਇੱਕ ਅਣਪਛਾਤੇ ਹੈਂਡਲਰ ਵੱਲੋਂ ਸੰਪਰਕ ਕੀਤਾ ਗਿਆ ਸੀ। ਉਸ ਨੂੰ ਪੈਸੇ, ਮੋਟਰਸਾਈਕਲ ਅਤੇ ਹਥਿਆਰ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਸੀ, ਸਿਰਫ਼ ਇੱਕ ਬਿਲਡਿੰਗ ’ਤੇ ਓਪਨ ਫਾਇਰ ਕਰਨ ਦੇ ਬਦਲੇ। ਮੁਲਜ਼ਮਾਂ ਨੂੰ 20 ਹਜ਼ਾਰ ਰੁਪਏ, ਇੱਕ ਬਲੌਕ ਪਿਸਤੌਲ (ਮੇਡ ਇਨ ਚਾਈਨਾ), ਇੱਕ ਮੋਟਰਸਾਈਕਲ ਅਤੇ 6 ਜਿੰਦਾ ਕਾਰਤੂਸ ਦਿੱਤੇ ਗਏ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਾਰਦਾਤ ਅਸਲ ਵਿੱਚ ਕਿਸੇ ਹੋਰ ਬਿਲਡਿੰਗ ’ਤੇ ਕਰਵਾਈ ਜਾਣੀ ਸੀ ਪਰ ਗਲਤੀ ਨਾਲ ਮੁਲਜ਼ਮਾਂ ਨੇ ਗਲਤ ਨਿਸ਼ਾਨੇ ’ਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ ਹੈਂਡਲਰ ਵੱਲੋਂ ਉਨ੍ਹਾਂ ਨੂੰ ਡਾਂਟ ਵੀ ਸੁਣਨੀ ਪਈ। ਮੁਲਜ਼ਮ ਵਾਰਦਾਤ ਤੋਂ ਬਾਅਦ ਉੱਤਰਾਖੰਡ ਵਾਲੇ ਪਾਸੇ ਭੱਜ ਗਏ ਸਨ ਪਰ ਪੁਲਿਸ ਨੇ ਤਕਨੀਕੀ ਤੇ ਮੈਨੁਅਲ ਇਨਪੁਟ ਦੇ ਆਧਾਰ ’ਤੇ ਉਨ੍ਹਾਂ ਦਾ ਪਤਾ ਲਗਾ ਕੇ 31 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ ਅਤੇ ਉਹ ਸਿਰਫ਼ ਲਾਲਚ ਵਿੱਚ ਆ ਕੇ ਇਸ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਏ। ਫਿਲਹਾਲ ਪੁਲਿਸ ਟੈਲੀਗ੍ਰਾਮ ਐਪ ਰਾਹੀਂ ਸੰਪਰਕ ਕਰਨ ਵਾਲੇ ਹੈਂਡਲਰ ਦੀ ਪਹਿਚਾਣ ਕਰ ਰਹੀ ਹੈ।
ਇਸ ਮਾਮਲੇ ਨੇ ਇੱਕ ਵਾਰ ਫਿਰ ਦਰਸਾ ਦਿੱਤਾ ਹੈ ਕਿ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਧੱਕਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਚਿਆ ਜਾਵੇ ਨਹੀਂ ਤਾਂ ਕਾਨੂੰਨੀ ਕਾਰਵਾਈ ਤੋਂ ਕੋਈ ਨਹੀਂ ਬਚ ਸਕਦਾ।