Heroine Smuggling : ਪੰਜਾਬ ਪੁਲਿਸ ਨੂੰ ਅੰਤਰਰਾਸ਼ਟਰੀ ਨਸ਼ਾ ਤਸਕਰੀ ਖਿਲਾਫ਼ ਵੱਡੀ ਸਫ਼ਲਤਾ, 7 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਸਕਰ ਕਾਬੂ

Heroine Smuggling : ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਗਿਰੋਹ ਨੂੰ ਜਗਪ੍ਰੀਤ ਸਿੰਘ ਉਰਫ਼ ਜੱਗਾ (ਮੋਗਾ ਦਾ ਰਹਿਣ ਵਾਲਾ) ਚਲਾ ਰਿਹਾ ਸੀ।

By  KRISHAN KUMAR SHARMA September 17th 2025 02:48 PM -- Updated: September 17th 2025 05:16 PM

Heroine Smuggling : ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਵਿਰੁੱਧ ਕਾਰਵਾਈ ਕਰਦੇ ਹੋਏ, ਛੇਹਰਟਾ ਦੇ ਵਡਾਲੀ ਤੋਂ ਯਾਸੀਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ 7.122 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਯਾਸੀਨ ਮੁਹੰਮਦ ਲਗਭਗ 22 ਸਾਲ ਦਾ ਹੈ ਅਤੇ ਯੂਪੀ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਲਾਲੜੂ (ਮੁਹਾਲੀ) ਵਿੱਚ ਰਹਿ ਰਿਹਾ ਸੀ। ਯਾਸੀਨ ਦੇ ਖ਼ਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚੋਂ ਕਈ ਐਨਡੀਪੀਐਸ ਐਕਟ ਤਹਿਤ ਹਨ। ਉਹ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕਿਆ ਹੈ। ਯਾਸੀਨ ਬੇਰੁਜ਼ਗਾਰ ਹੈ ਪਰ ਪਿਛਲੇ ਕਾਫ਼ੀ ਸਮੇਂ ਤੋਂ ਹੈਰੋਇਨ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ।


ਉਨ੍ਹਾਂ ਦਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸਾਰਾ ਸਿੰਡੀਕੇਟ ਮੋਗਾ ਦੇ ਵਸਨੀਕ ਜਗਪ੍ਰੀਤ ਸਿੰਘ ਉਰਫ ਜੱਗਾ ਵੱਲੋਂ ਚਲਾਇਆ ਜਾ ਰਿਹਾ ਸੀ। ਜਗਪ੍ਰੀਤ ਸਿੰਘ ਦੇ ਖ਼ਿਲਾਫ ਵੀ ਚਾਰ ਮੁਕੱਦਮੇ ਦਰਜ ਹਨ ਅਤੇ ਉਹ ਖੰਨਾ, ਤਲਵੰਡੀ ਭਾਈ, ਫ਼ਿਰੋਜ਼ਪੁਰ ਅਤੇ ਸਮਰਾਲਾ ਵਿੱਚ ਐਨਡੀਪੀਐਸ ਦੇ ਗੰਭੀਰ ਕੇਸਾਂ ਵਿੱਚ ਮੁਲਜ਼ਮ ਰਹਿ ਚੁੱਕਾ ਹੈ। ਉਹ ਕਾਫ਼ੀ ਸਮੇਂ ਤੋਂ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਜਗਪ੍ਰੀਤ ਦੇ ਨਿਰਦੇਸ਼ਾਂ 'ਤੇ ਯਾਸੀਨ ਮੁਹੰਮਦ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੈਰੋਇਨ ਦੀ ਵੰਡ ਕਰ ਰਿਹਾ ਸੀ।

ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਯਾਸੀਨ ਮੁਹੰਮਦ ਅਤੇ ਜਗਪ੍ਰੀਤ ਸਿੰਘ 2023-24 ਵਿੱਚ ਇਕੱਠੇ ਲੁਧਿਆਣਾ ਵਿੱਚ ਵੀ ਐਕਟਿਵ ਰਹੇ ਹਨ ਅਤੇ ਉਨ੍ਹਾਂ ਨੇ ਕਈ ਵਾਰ ਸਰਹੱਦੀ ਖੇਤਰਾਂ ਤੋਂ ਹੈਰੋਇਨ ਦੀਆਂ ਕਨਸਾਈਨਮੈਂਟਾਂ ਹਾਸਲ ਕੀਤੀਆਂ। ਇਹਨਾਂ ਕਨਸਾਈਨਮੈਂਟਾਂ ਨੂੰ ਭਾਰਤੀ ਪਾਸੇ ਲਿਆਉਣ ਲਈ ਅਕਸਰ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਦੇ ਅਨੁਸਾਰ, ਡਰੋਨਾਂ ਰਾਹੀਂ ਇਹ ਹੈਰੋਇਨ ਪਾਕਿਸਤਾਨੀ ਸਾਈਡ ਤੋਂ ਅੰਮ੍ਰਿਤਸਰ, ਮੋਗਾ ਅਤੇ ਫ਼ਿਰੋਜ਼ਪੁਰ ਦੇ ਪਾਸੇ ਪਹੁੰਚਾਈ ਜਾਂਦੀ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪੂਰੀ ਸਰਚ ਕੀਤੀ ਜਾ ਰਹੀ ਹੈ ਅਤੇ ਉਸਦੇ ਫ਼ੋਨ ਤੇ ਸੋਸ਼ਲ ਮੀਡੀਆ ਸੰਪਰਕਾਂ ਤੋਂ ਮਹੱਤਵਪੂਰਨ ਸਬੂਤ ਹਾਸਲ ਹੋਏ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਨਸ਼ਾ ਸਿੰਡੀਕੇਟ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਇਸ ਗਠਜੋੜ ਦੇ ਹੋਰ ਮੈਂਬਰ ਵੀ ਕਾਬੂ ਕਰ ਲਏ ਜਾਣਗੇ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Related Post