''ਹੀਰੇ ਨਾਲੋਂ 1200 ਗੁਣਾ ਸੰਵੇਦਨਸ਼ੀਲ ਕਵਾਂਟਮ ਸੈਂਸਰ'', GNDU ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ ਨੇ ਕਵਾਂਟਮ ਵਿਗਿਆਨ 'ਚ ਕੀਤੀ ਵਿਸ਼ੇਸ਼ ਖੋਜ
Quantum Sensor : ਕੀ ਬਹੁਤ ਹੀ ਘੱਟ ਦਬਾਅ ਅਤੇ ਤਾਪਮਾਨ ਦੇ ਬਦਲਾਅ ਨੂੰ ਵੀ ਉੱਚੀ ਸਟੀਕਤਾ ਨਾਲ ਮਾਪਿਆ ਜਾ ਸਕਦਾ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ ਵੱਲੋਂ, ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਬਣੇ ਵਿਗਿਆਨਿਕ ਖੋਜ ਵਾਲੇ ਮਾਹੌਲ ਵਿੱਚ ਕੰਮ ਕਰਦਿਆਂ, ਇਸ ਸਵਾਲ ਦਾ ਵਿਗਿਆਨਕ ਜਵਾਬ ਦੇਣ ਵਿੱਚ ਸਫਲ ਰਹੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਟੀਮ ਨੇ ਇੱਕ ਐਸਾ ਕਵਾਂਟਮ ਸੈਂਸਰ ਵਿਕਸਿਤ ਕੀਤਾ ਹੈ, ਜੋ ਹੀਰੇ ਆਧਾਰਿਤ ਸੈਂਸਰਾਂ ਨਾਲੋਂ ਲਗਭਗ 1200 ਗੁਣਾ ਵੱਧ ਸੰਵੇਦਨਸ਼ੀਲ ਹੈ।
ਇਹ ਮਹੱਤਵਪੂਰਨ ਖੋਜ ਕਵਾਂਟਮ ਸੈਂਸਿੰਗ (Quantum science) ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ, ਜਿਸ ਵਿੱਚ ਦਬਾਅ, ਤਾਪਮਾਨ ਅਤੇ ਹੋਰ ਭੌਤਿਕ ਮਾਤਰਾਂ ਨੂੰ ਕਵਾਂਟਮ ਗੁਣਾਂ ਦੀ ਮਦਦ ਨਾਲ ਬੇਹੱਦ ਸਟੀਕਤਾ ਨਾਲ ਮਾਪਿਆ ਜਾਂਦਾ ਹੈ। ਡਾ. ਹਰਪ੍ਰੀਤ ਸਿੰਘ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੀ ਦੇ ਵਿਗਿਆਨੀਆਂ ਨਾਲ ਸਾਂਝੇ ਤੌਰ ‘ਤੇ ਇਹ ਖੋਜ ਕੀਤੀ ਹੈ।
ਕੀ ਹੈ ਨਵੇਂ ਸੈਂਸਰ ਦੀ ਸਭ ਤੋਂ ਵੱਡੀ ਖਾਸੀਅਤ ?
ਇਸ ਨਵੇਂ ਸੈਂਸਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਹੀਰੇ ਦੀ ਥਾਂ ਨਰਮ ਆਰਗੈਨਿਕ ਕ੍ਰਿਸਟਲ (ਪੈਂਟਾਸੀਨ ਨਾਲ ਡੋਪ ਕੀਤੇ ਪੀ-ਟਰਫਿਨਾਈਲ) ਦੀ ਵਰਤੋਂ ਕੀਤੀ ਗਈ ਹੈ। ਕਿਉਂਕਿ ਇਹ ਕ੍ਰਿਸਟਲ ਨਰਮ ਹੁੰਦੇ ਹਨ, ਇਸ ਲਈ ਬਹੁਤ ਹੀ ਸੂਖਮ ਦਬਾਅ ਜਾਂ ਤਾਪਮਾਨ ਦੇ ਬਦਲਾਅ ਨਾਲ ਵੀ ਉਨ੍ਹਾਂ ਦੀਆਂ ਕਵਾਂਟਮ ਵਿਸ਼ੇਸ਼ਤਾਵਾਂ ਵਿੱਚ ਵੱਡੀ ਤਬਦੀਲੀ ਆ ਜਾਂਦੀ ਹੈ, ਜੋ ਇਸ ਸੈਂਸਰ ਨੂੰ ਬੇਮਿਸਾਲ ਸੰਵੇਦਨਸ਼ੀਲ ਬਣਾਉਂਦੀ ਹੈ।
ਇਸ ਉਪਲਬਧੀ ‘ਤੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਡਾ. ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਵਿਗਿਆਨਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਨਾ ਸਿਰਫ਼ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ‘ਤੇ ਪਹਿਚਾਣ ਦਿੰਦਾ ਹੈ, ਸਗੋਂ ਭਾਰਤ ਨੂੰ ਅਗਲੀ ਪੀੜ੍ਹੀ ਦੀ ਕਵਾਂਟਮ ਤਕਨਾਲੋਜੀ ਵਿੱਚ ਅਗਵਾਈ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ।
ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੈਂਸਰ ਬਹੁਤ ਹੀ ਘੱਟ ਦਬਾਅ ਅਤੇ ਤਾਪਮਾਨ ਬਦਲਾਅ ਨੂੰ ਬੇਹੱਦ ਸਟੀਕਤਾ ਨਾਲ ਮਾਪ ਸਕਦਾ ਹੈ ਅਤੇ ਇਹ ਹੀਰੇ ਆਧਾਰਿਤ ਸੈਂਸਰਾਂ ਨਾਲੋਂ ਕਾਫ਼ੀ ਘੱਟ ਲਾਗਤ ਵਾਲਾ ਹੈ। ਉਨ੍ਹਾਂ ਮੁਤਾਬਕ ਇਸ ਦੀ ਵਰਤੋਂ ਚਿਕਿਤਸਾ ਉਪਕਰਨਾਂ, ਸਮੱਗਰੀ ਜਾਂਚ, ਅੰਤਰਿਕਸ਼ ਅਨੁਸੰਧਾਨ ਅਤੇ ਭਵਿੱਖ ਦੀਆਂ ਕਵਾਂਟਮ ਤਕਨਾਲੋਜੀਆਂ ਵਿੱਚ ਕੀਤੀ ਜਾ ਸਕਦੀ ਹੈ।
ਇਹ ਖੋਜ ਦੁਨੀਆ ਦੇ ਪ੍ਰਮੁੱਖ ਵਿਗਿਆਨਕ ਜਰਨਲ ਨੇਚਰ ਕਮਿਊਨੀਕੇਸ਼ਨਜ਼ (ਵਾਲੀਅਮ 16, ਆਰਟੀਕਲ ਨੰਬਰ 10530, 2025) ਵਿੱਚ ਪ੍ਰਕਾਸ਼ਿਤ ਹੋਈ ਹੈ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਆਮ ਲੈਬੋਰਟਰੀ ਹਾਲਾਤਾਂ ਵਿੱਚ ਵੀ ਆਰਗੈਨਿਕ ਕ੍ਰਿਸਟਲ ਹੀਰੇ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਕਵਾਂਟਮ ਸੈਂਸਿੰਗ ਦੇ ਯੋਗ ਹਨ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ. ਐਸ. ਚਾਹਲ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ ਨੇ ਵੀ ਡਾ. ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਵਿੱਚ ਵਿਕਸਿਤ ਹੋ ਰਹੀ ਉੱਚ-ਪੱਧਰੀ ਵਿਗਿਆਨਕ ਖੋਜ ਦਾ ਪ੍ਰਤੱਖ ਸਬੂਤ ਹੈ।
ਡਾ. ਹਰਪ੍ਰੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਮਿਲਿਆ ਅਕਾਦਮਿਕ ਅਤੇ ਖੋਜ ਦਾ ਮਾਹੌਲ ਹੀ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਖੋਜ ਨੂੰ ਸੰਭਵ ਬਣਾਉਂਦਾ ਹੈ ਅਤੇ ਇਸ ਖੋਜ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ ਵਿਸ਼ਵ ਪੱਧਰ ਦੀਆਂ ਯੂਨੀਵਰਸਿਟੀਆਂ ਵਿੱਚ ਗਿਣਿਆ ਜਾਵੇਗਾ।
- PTC NEWS