Amritsar News : ਜਸ਼ਨਦੀਪ ਸਿੰਘ ਬਣਿਆ ਭਾਰਤੀ ਫੌਜ 'ਚ ਲੈਫਟੀਨੈਂਟ, ਪਿੰਡ ਪਹੁੰਚਣ 'ਤੇ ਢੋਲ-ਢਮੱਕਿਆਂ ਦੀ ਗੂੰਜ 'ਚ ਹੋਇਆ ਸਵਾਗਤ
Amritsar News : ਅੰਮ੍ਰਿਤਸਰ ਤੋਂ ਇੱਕ ਮਾਣ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਹਿਰ ਦੇ ਨੌਜਵਾਨ ਜਸ਼ਨਦੀਪ ਸਿੰਘ (Lieutenant Jashandeep Singh) ਨੇ ਭਾਰਤੀ ਸੈਨਾ (Indian Army) ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਰਿਵਾਰ ਸਮੇਤ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਸ਼ਨਦੀਪ ਸਿੰਘ ਇੱਕ ਹੀ ਪਰਿਵਾਰ ਦੀ ਲਗਾਤਾਰ ਤੀਸਰੀ ਪੀੜੀ ਹੈ, ਜੋ ਭਾਰਤੀ ਸੈਨਾ ਵਿੱਚ ਦੇਸ਼ ਦੀ ਸੇਵਾ ਲਈ ਚੁਣੀ ਗਈ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਜਦੋਂ ਜਸ਼ਨਦੀਪ ਸਿੰਘ ਅੰਮ੍ਰਿਤਸਰ ਆਪਣੇ ਘਰ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਘਰ ਦਾ ਮਾਹੌਲ ਖੁਸ਼ੀ ਅਤੇ ਮਾਣ ਨਾਲ ਭਰਿਆ ਹੋਇਆ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਲੈਫਟੀਨੇਟ ਜਸ਼ਨਦੀਪ ਸਿੰਘ ਨੇ ਕਿਹਾ ਕਿ ਲੈਫਟੀਨੇਟ ਬਣ ਕੇ ਉਹਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਮਯਾਬੀ ਪਿੱਛੇ ਉਹਨਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਪੂਰਾ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਸਰੀ ਪੀੜੀ ਹਨ, ਜੋ ਦੇਸ਼ ਦੀ ਸੇਵਾ ਲਈ ਭਾਰਤੀ ਸੈਨਾ ਵਿੱਚ ਸ਼ਾਮਿਲ ਹੋਈ ਹੈ, ਜਿਸ 'ਤੇ ਉਹਨੂੰ ਖ਼ਾਸ ਮਾਣ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਕਰਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਲੈਫਟੀਨੇਟ ਦੇ ਪਿਤਾ ਸਾਬਕਾ ਸੂਬੇਦਾਰ ਮੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਸੈਨਾ ਵਿੱਚ 30 ਸਾਲਾਂ ਤੱਕ ਸੇਵਾ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਦਾ ਰੁਝਾਨ ਭਾਰਤੀ ਸੈਨਾ ਵੱਲ ਵਧ ਰਿਹਾ ਹੈ, ਜੋ ਬਹੁਤ ਹੀ ਚੰਗੀ ਗੱਲ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿੱਚ ਰਹਿ ਕੇ ਹੀ ਵਧੀਆ ਪੁਜੀਸ਼ਨਾਂ ਹਾਸਲ ਕਰਨ ਦੀ ਸਲਾਹ ਦਿੱਤੀ।
ਲੈਫਟੀਨੇਟ ਜਸ਼ਨਦੀਪ ਸਿੰਘ ਦੀ ਮਾਤਾ ਨੇ ਵੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਪੁੱਤਰ ਅੱਜ ਇੰਨੀ ਵੱਡੀ ਪੁਜੀਸ਼ਨ ‘ਤੇ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਬੇਟੇ ਨੇ ਕਾਫ਼ੀ ਮਿਹਨਤ ਕੀਤੀ ਹੈ ਅਤੇ ਪਰਿਵਾਰ ਨੇ ਉਸਨੂੰ ਸਦਾ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਸ ਜਤਾਈ ਕਿ ਪੰਜਾਬ ਦੇ ਹੋਰ ਨੌਜਵਾਨ ਵੀ ਇਸ ਤੋਂ ਪ੍ਰੇਰਨਾ ਲੈ ਕੇ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨਗੇ।
- PTC NEWS