ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼, ਨਾਬਾਲਗ ਸਮੇਤ ਚਾਰ ਮੁਲਜ਼ਮ ਅਸਲੇ ਸਮੇਤ ਕਾਬੂ

Arms Smuggling : ਇਹ ਗਿਰੋਹ ਡਰੋਨ ਰਾਹੀਂ ਅਟਾਰੀ ਸਰਹੱਦ ਦੇ ਇਲਾਕੇ ਵਿੱਚ ਹਥਿਆਰ ਮੰਗਵਾਉਂਦਾ ਸੀ ਅਤੇ ਫਿਰ ਪੰਜਾਬ ਦੇ ਵੱਖ-ਵੱਖ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਉਂਦਾ ਸੀ। ਪੁਲਿਸ ਅਨੁਸਾਰ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਸਨ।

By  KRISHAN KUMAR SHARMA April 8th 2026 07:17 PM -- Updated: April 8th 2026 07:26 PM

Arms Smuggling : ਅੰਮ੍ਰਿਤਸਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਵੱਡੀ ਸਫਲਤਾ ਹਾਸਲ ਕਰਦਿਆਂ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਗੈਰਕਾਨੂੰਨੀ ਹਥਿਆਰ ਤਸਕਰੀ ਮੋਡੀਊਲ ਦਾ ਭੰਡਾਫੋੜ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਤਿੰਨ ਦੋਸ਼ੀਆਂ ਅਤੇ ਇੱਕ ਨਾਬਾਲਿਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਆਰੋਪੀਆ ਦੇ ਕਬਜ਼ੇ ਵਿਚੋਂ 7 ਅਧੁਨਿਕ ਪਿਸਤੌਲ, 12 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਗਿਰੋਹ ਡਰੋਨ ਰਾਹੀਂ ਅਟਾਰੀ ਸਰਹੱਦ ਦੇ ਇਲਾਕੇ ਵਿੱਚ ਹਥਿਆਰ ਮੰਗਵਾਉਂਦਾ ਸੀ ਅਤੇ ਫਿਰ ਪੰਜਾਬ ਦੇ ਵੱਖ-ਵੱਖ ਅਪਰਾਧਿਕ ਗਿਰੋਹਾਂ ਤੱਕ ਪਹੁੰਚਾਉਂਦਾ ਸੀ। ਪੁਲਿਸ ਅਨੁਸਾਰ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ਤਸਕਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਸਨ। ਪਹਿਲਾਂ ਤੋਂ ਤੈਅ ਕੀਤੀਆਂ ਲੋਕੇਸ਼ਨਾਂ ‘ਤੇ ਹਥਿਆਰ ਡਰੋਨ ਰਾਹੀਂ ਸੁੱਟੇ ਜਾਂਦੇ ਸਨ, ਜਿਨ੍ਹਾਂ ਨੂੰ ਇਲਾਕੇ ਦੇ ਨੌਜਵਾਨ ਇਕੱਠਾ ਕਰਕੇ ਅੱਗੇ ਸਪਲਾਈ ਕਰਦੇ ਸਨ। ਇਸ ਤਰੀਕੇ ਨਾਲ ਇੱਕ ਵੱਡਾ ਨੈੱਟਵਰਕ ਬਣਿਆ ਹੋਇਆ ਸੀ।

ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਇੱਕ ਨਾਬਾਲਿਗ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ, ਜਿਸਨੂੰ ਪਹਿਲਾਂ ਵੀ ਹਥਿਆਰਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਕਿਹਾ ਕਿ ਅਪਰਾਧੀ ਅਕਸਰ ਨਾਬਾਲਿਗਾਂ ਦਾ ਫਾਇਦਾ ਚੁੱਕਦੇ ਹਨ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚ ਸਕਣ। ਥਾਣਾ ਛੇਹਰਟਾ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਨੈੱਟਵਰਕ ਦੇ ਹੋਰ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਪੁਲਿਸ ਗੈਰਕਾਨੂੰਨੀ ਹਥਿਆਰ ਤਸਕਰੀ ਅਤੇ ਅਪਰਾਧ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ।

Related Post