ਆਪ ਵਿਧਾਇਕ ਤੇ ਚੰਡੀਗੜ੍ਹ ਪੁਲਿਸ ਕਾਂਸਟੇਬਲ ਵਿਚਾਲੇ ਬਹਿਸ, ਵਾਇਰਲ ਹੋਇਆ ਵੀਡੀਓ

By  Jasmeet Singh July 25th 2023 06:56 PM -- Updated: July 25th 2023 06:58 PM

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਅਤੇ ਚੰਡੀਗੜ੍ਹ ਪੁਲਿਸ ਦੇ ਇੱਕ ਟ੍ਰੈਫਿਕ ਕਾਂਸਟੇਬਲ ਵਿਚਾਲੇ ਹੋਈ ਬਹਿਸ ਦੀ ਵੀਡੀਓ ਵਾਇਰਲ ਹੋ ਗਿਆ ਹੈ। ਵੀਡੀਓ 'ਚ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਨੇ ਵਿਧਾਇਕ ਅਮੋਲਕ 'ਤੇ ਡਰਾ-ਧਮਕਾ ਕੇ ਧਮਕੀਆਂ ਦੇਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜਦਕਿ ਵਿਧਾਇਕ ਆਪਣੀ ਕਾਰ 'ਚ ਬੈਠ ਕੇ ਕਾਂਸਟੇਬਲ ਨੂੰ ਦੁਰਵਿਵਹਾਰ ਨਾ ਕਰਨ ਦੀ ਸਲਾਹ ਦੇ ਰਿਹਾ ਹੈ।

SSP ਨੂੰ ਦਿੱਤੀ ਗਈ ਸ਼ਿਕਾਇਤ
ਇਸ ਵੀਡੀਓ 'ਚ ਵਿਧਾਇਕ ਕਾਂਸਟੇਬਲ ਦਾ ਮੋਬਾਈਲ ਵੀ ਵਗ੍ਹਾ ਕੇ ਮਾਰਦੇ ਨਜ਼ਰ ਆ ਰਿਹਾ ਹੈ। ਅਮੋਲਕ ਸਿੰਘ ਪੰਜਾਬ ਦੀ ਜੈਤੋ ਵਿਧਾਨ ਸਭਾ ਸੀਟ ਫਰੀਦਕੋਟ ਤੋਂ ਵਿਧਾਇਕ ਹਨ। ਇਹ ਘਟਨਾ ਕੁਝ ਦਿਨ ਪਹਿਲਾਂ ਸੈਕਟਰ-17/35 ਦੀ ਡਿਵਾਈਡਿੰਗ ਲਾਈਨ ’ਤੇ ਵਾਪਰੀ ਸੀ। ਘਟਨਾ ਸਮੇਂ ਵਿਧਾਇਕ ਦੀ ਪਤਨੀ ਵੀ ਕਾਰ ਵਿੱਚ ਮੌਜੂਦ ਸੀ। ਇਸ ਮਾਮਲੇ ਵਿੱਚ ਵਿਧਾਇਕ ਨੇ ਐਸ.ਐਸ.ਪੀ ਚੰਡੀਗੜ੍ਹ ਨੂੰ ਘਟਨਾ ਦੀ ਜਾਣਕਾਰੀ ਦੇਣ ਦੀ ਵੀ ਗੱਲ ਆਖੀ ਹੈ।



ਚੰਡੀਗੜ੍ਹ ਟ੍ਰੈਫਿਕ ਪੁਲਿਸ ਕੋਲ ਨਹੀਂ ਘਟਨਾ ਦੀ ਜਾਣਕਾਰੀ 
ਚੰਡੀਗੜ੍ਹ ਪੁਲਿਸ ਅਨੁਸਾਰ ਉਨ੍ਹਾਂ ਦੇ ਰਿਕਾਰਡ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੈ। ਇਸ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਕਾਰ 'ਚ ਬੈਠੇ ਵਿਧਾਇਕ ਅਮੋਲਕ ਬਾਹਰ ਖੜ੍ਹੇ ਟ੍ਰੈਫਿਕ ਮੁਲਾਜ਼ਮਾਂ ਨਾਲ ਬਹਿਸ ਕਰ ਰਹੇ ਹਨ। ਜਦੋਂ ਕਿ ਟ੍ਰੈਫਿਕ ਪੁਲਿਸ ਦਾ ਇਕ ਹੌਲਦਾਰ ਮੁਲਾਜ਼ਮ 'ਤੇ ਕਾਰ ਦੇ ਵਿਚਕਾਰ ਖੜ੍ਹਾ ਕਰਕੇ ਮਾਮਲੇ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਵਾਇਰਲ ਵੀਡੀਓ 'ਚ ਕੀ ਹੈ?
ਵਾਇਰਲ ਵੀਡੀਓ 'ਚ ਚੰਡੀਗੜ੍ਹ ਪੁਲਿਸ ਮੁਲਾਜ਼ਮ ਕਹਿ ਰਿਹਾ ਕਿ ਤੁਸੀਂ ਵਿਧਾਇਕ ਹੋਵੋਗੇ ਪਰ ਅਸੀਂ ਵੀ ਆਪਣੀ ਡਿਊਟੀ 'ਤੇ ਹਾਂ। ਇਸ ਦੌਰਾਨ ਪੁਲਿਸ ਮੁਲਾਜ਼ਮ ਵਿਧਾਇਕ ਨੂੰ ਪੁੱਛਦਾ ਹੈ ਕਿ ਉਸ ਨੇ ਕੀ ਗਲਤ ਕਿਹਾ ਅਤੇ ਕਿਹੜੀਆਂ ਗਾਲ੍ਹਾਂ ਕੱਢੀਆਂ। ਇਸ ਤੋਂ ਬਾਅਦ ਸਾਹਮਣੇ ਵਾਲੀ ਸੀਟ 'ਤੇ ਬੈਠੇ ਵਿਧਾਇਕ ਨੇ ਸ਼ਿਸ਼ਟਾਚਾਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮਗਰੋਂ ਵਿਧਾਇਕ ਅਮੋਲਕ ਸਿੰਘ ਨੇ ਪੁਲਿਸ ਮੁਲਾਜ਼ਮ ਦਾ ਮੋਬਾਈਲ ਫੋਨ ਹੱਥ ਨਾਲ ਖੋਹ ਵਗ੍ਹਾ ਕੇ ਮਾਰਿਆ।

ਕਾਂਗਰਸ ਨੇ 'ਆਪ' 'ਤੇ ਸਾਧਿਆ ਨਿਸ਼ਾਨਾ 
ਦੂਜੇ ਪਾਸੇ 'ਆਪ' ਵਿਧਾਇਕ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਚੰਡੀਗੜ੍ਹ ਪੁਲਿਸ ਅਤੇ ਡੀ.ਜੀ.ਪੀ. ਤੋਂ ਵਿਧਾਇਕ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਖਹਿਰਾ ਨੇ ਟਵੀਟ ਕਰ ਕਿਹਾ, "ਆਮ ਆਦਮੀ ਪਾਰਟੀ ਦਾ ਇੱਕ ਹੋਰ ਅਪਮਾਨਜਨਕ ਅਤੇ ਬੇਕਾਬੂ ਵਤੀਰਾ। ਵਿਧਾਇਕ ਅਮੋਲਕ ਸਿੰਘ ਚੰਡੀਗੜ੍ਹ ਪੁਲੀਸ ਦੇ ਇੱਕ ਮੁਲਾਜ਼ਮ ਨਾਲ ਬਦਸਲੂਕੀ ਕਰਦੇ ਨਜ਼ਰ ਆਏ। ਮੈਂ ਹੈਰਾਨ ਹਾਂ ਕਿ ਡੀ.ਜੀ.ਪੀ ਚੰਡੀਗੜ੍ਹ ਅਤੇ ਐਸ.ਐਸ.ਪੀ ਅਜਿਹੇ ਭੈੜੇ ਸਿਆਸਤਦਾਨਾਂ ਵਿਰੁੱਧ ਐਫ.ਆਈ.ਆਰ ਦਰਜ ਕਰਨ ਤੋਂ ਕਿਉਂ ਝਿਜਕ ਰਹੇ ਹਨ? ਜੇਕਰ ਅਧਿਕਾਰੀ ਆਪਣੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਤਾਂ ਉਹ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਿਉਂ ਕਰਨਗੇ? ਮੈਂ ਉਨ੍ਹਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਦਾ ਹਾਂ।"



ਬਿਕਰਮ ਮਜੀਠੀਆ ਨੇ 'ਆਪ' ਨੂੰ ਘੇਰਿਆ
ਇਸ ਵੀਡੀਓ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ 'ਆਪ' ਨੂੰ ਘੇਰਿਆ ਹੈ। ਬਿਕਰਮ ਮਜੀਠੀਆ ਨੇ ਕਿਹਾ - 'ਆਪ' ਵਿਧਾਇਕ ਅਮੋਲਕ ਸਿੰਘ ਨੇ ਚੰਡੀਗੜ੍ਹ ਪੁਲਿਸ ਅਧਿਕਾਰੀ ਨਾਲ ਕੀਤੀ ਬਦਸਲੂਕੀ, ਕੀ ਆਮ ਆਦਮੀ ਪਾਰਟੀ ਇਸ ਬਦਲਾਅ ਦਾ ਵਾਅਦਾ ਕਰ ਰਹੀ ਸੀ?

ਅਮੋਲਕ ਨੇ ਕਿਹਾ - ਖਹਿਰਾ ਪਹਿਲਾਂ ਵੀ ਸੀ.ਐੱਮ. ਨੂੰ ਗਾਲ੍ਹਾਂ ਕੱਢ ਚੁੱਕੇ ਹਨ
ਇਸ ਦੌਰਾਨ ਵਿਧਾਇਕ ਅਮੋਲਕ ਸਿੰਘ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣਾ ਸਮਾਂ ਭੁੱਲ ਗਏ ਹਨ, ਜਦੋਂਕਿ 2017 ਤੋਂ 2022 ਤੱਕ ਉਹ ਪ੍ਰੈੱਸ ਕਾਨਫਰੰਸ 'ਚ ਹੀ ਮੁੱਖ ਮੰਤਰੀ ਨੂੰ ਗਾਲਾਂ ਕੱਢਣ ਲੱਗ ਪਏ ਸਨ। ਖਹਿਰਾ ਕਦੇ ਕਾਰ ਤੇ ਕਦੇ ਵੀਡੀਓ ਵਰਗੇ ਮੁੱਦੇ ਉਠਾ ਰਹੇ ਹਨ। ਇਨ੍ਹਾਂ ਦੀ ਥਾਂ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਜਦੋਂ ਪੰਜਾਬ ਹੜ੍ਹਾਂ 'ਚ ਡੁੱਬ ਰਿਹਾ ਸੀ ਤਾਂ ਖਹਿਰਾ ਘਰੋਂ ਬਾਹਰ ਨਹੀਂ ਨਿਕਲੇ ਅਤੇ ਬਿਮਾਰ ਹੋਣ ਦੀ ਗੱਲ ਕਹਿ ਕੇ ਘਰ ਬੈਠੇ ਰਹੇ।

ਇਹ ਵੀ ਪੜ੍ਹੋ: ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਕਹਾਣੀ, ਜਿਨ੍ਹਾਂ ਨੂੰ ਪੁਲਿਸ ਨੇ ਹੀ ਅਗਵਾ ਕਰ ਕੀਤਾ ਸੀ ਕਤਲ

Related Post