ਪੰਜਾਬੀ ਗਾਇਕ ਦੇ ਗੀਤ ਦੀ ਸ਼ੂਟਿੰਗ ਦਾ ਝਾਂਸਾ ਦੇ ਕੇ ਆਰਟਿਸਟ ਨਾਲ ਸਮੂਹਿਕ ਜਬਰ-ਜਨਾਹ, 3 ਦੋਸ਼ੀਆਂ ਨੂੰ 20-20 ਸਾਲ ਦੀ ਕੈਦ
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਜਸਵਿੰਦਰ ਸਿੰਘ ਉਰਫ਼ ਜੈਲੀ, ਦੀਪਕ ਕੁਮਾਰ ਅਤੇ ਗੁਰਵਿੰਦਰ ਸਿੰਘ ਉਰਫ਼ ਮੰਨਾ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ।
ਪੰਜਾਬੀ ਗਾਇਕ ਦੇ ਗਾਣੇ ਦੀ ਸ਼ੂਟਿੰਗ ਵਿੱਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਘਰੋਂ ਲੈ ਜਾ ਕੇ ਸਮੂਹਿਕ ਜਬਰ-ਜਨਾਹ ਕਰਨ ਦੇ ਮਾਮਲੇ ’ਚ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਜਸਵਿੰਦਰ ਸਿੰਘ ਉਰਫ਼ ਜੈਲੀ, ਦੀਪਕ ਕੁਮਾਰ ਅਤੇ ਗੁਰਵਿੰਦਰ ਸਿੰਘ ਉਰਫ਼ ਮੰਨਾ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ।
ਅਦਾਲਤ ਨੇ ਧਾਰਾ 376ਡੀ ਤਹਿਤ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ, ਧਾਰਾ 394 ਤਹਿਤ 7 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 366 ਤੇ 120ਬੀ ਤਹਿਤ 5 ਸਾਲ ਦੀ ਕੈਦ ਅਤੇ 8 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਤਿੰਨ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਸਾਰੀਆਂ ਸਜ਼ਾਵਾਂ ਇੱਕੋ ਸਮੇਂ ਚੱਲਣਗੀਆਂ।
ਸ਼ੂਟਿੰਗ ਦੇ ਨਾਂ 'ਤੇ ਘਰੋਂ ਲੈ ਗਏ ਸਨ
ਪੀੜਤਾ ਨੇ ਮਾਜਰੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਪੇਸ਼ੇ ਤੋਂ ਆਰਟਿਸਟ ਹੈ। 2 ਅਕਤੂਬਰ 2022 ਨੂੰ ਉਸ ਨੂੰ ਪੰਜਾਬੀ ਗਾਇਕ ਦੇ ਗਾਣੇ ਦੀ ਸ਼ੂਟਿੰਗ ਵਿੱਚ ਕੰਮ ਕਰਨ ਦਾ ਮੈਸੇਜ ਮਿਲਿਆ ਸੀ। ਉਸ ਨੂੰ ਸੈਕਟਰ-43 ਚੰਡੀਗੜ੍ਹ ਪਹੁੰਚਣ ਲਈ ਕਿਹਾ ਗਿਆ। ਸ਼ੁਰੂ ਵਿੱਚ ਉਸ ਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ’ਚ ਮੈਸੇਜ ਭੇਜਣ ਵਾਲਾ ਉਸ ਨੂੰ ਲੈਣ ਘਰ ਦੇ ਬਾਹਰ ਪਹੁੰਚ ਗਿਆ ਅਤੇ ਉਹ ਉਸ ਦੇ ਨਾਲ ਚਲੀ ਗਈ।
ਅਭੀਪੁਰ ਕੋਲ ਰੋਕੀ ਗੱਡੀ
ਸ਼ਿਕਾਇਤ ਮੁਤਾਬਕ, ਰਸਤੇ ਵਿੱਚ ਪੀੜਤਾ ਨੇ ਸਬੰਧਤ ਵਿਅਕਤੀ ਨੂੰ ਫ਼ੋਨ 'ਤੇ ਹੋਰ ਲੜਕੀਆਂ ਨੂੰ ਲੈਣ ਦੀ ਗੱਲ ਕਰਦਿਆਂ ਸੁਣਿਆ। ਅਭੀਪੁਰ ਕੋਲ ਮੋਟਰਸਾਈਕਲ ਸਵਾਰ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ। ਦੋਸ਼ ਹੈ ਕਿ ਉਨ੍ਹਾਂ ਨੇ ਗੱਡੀ ਦੀ ਚਾਬੀ ਅਤੇ ਲੜਕੀ ਦਾ ਮੋਬਾਈਲ ਫ਼ੋਨ ਖੋਹ ਲਿਆ।
ਇੱਕ ਮੁਲਜ਼ਮ ਨੇ ਚਾਕੂ ਉਸ ਦੀ ਗਰਦਨ 'ਤੇ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੇਸ਼ ਕੀਤੇ ਗਏ ਸਬੂਤਾਂ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ 'ਤੇ ਵਿਚਾਰ ਕਰਨ ਤੋਂ ਬਾਅਦ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।