ਅਸਾਮ ਪੁਲਿਸ ਨੇ ਰਾਹੁਲ ਗਾਂਧੀ ਤੇ ਦਰਜ ਕੀਤੀ FIR, ਭਾਰਤ ਜੋੜੇ ਨਿਆਂ ਯਾਤਰਾ ਰੋਕੀ
ਆਸਾਮ ਪੁਲਿਸ ਵੱਲੋਂ ਕਾਂਗਰਸ ਦੀ 'ਭਾਰਤ ਜੋੜੋ ਨਿਆਂ ਯਾਤਰਾ' ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਨਾਲ ਹੀ ਰਾਹੁਲ ਗਾਂਧੀ 'ਤੇ ਐਫ਼ਆਈਆਰ ਦਰਜ ਕੀਤੀ ਗਈ ਹੈ। ਰਾਹੁਲ ਗਾਂਧੀ ਨਾਲ ਇਸ ਸਮੇਂ ਯਾਤਰਾ 'ਚ 5000 ਤੋਂ ਜ਼ਿਆਦਾ ਵਰਕਰ ਤੇ ਆਗੂ ਨਾਲ ਹਨ, ਜਿਨ੍ਹਾਂ ਨੂੰ ਪੁਲਿਸ ਨੇ ਰੋਕਿਆ ਤਾਂ ਝੜਪ ਹੋ ਗਈ, ਜਿਸ ਸਬੰਧੀ ਪੁਲਿਸ ਨੇ ਕਾਂਗਰਸੀ ਆਗੂ 'ਤੇ ਐਫਆਈਆਰ ਦਰਜ ਕੀਤੀ ਹੈ।
ਪੁਲਿਸ ਨੇ ਕਾਂਗਰਸੀ ਵਰਕਰਾਂ 'ਤੇ ਕੀਤਾ ਲਾਠੀਚਾਰਜ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਕਾਫਲੇ ਨੂੰ ਗੁਹਾਟੀ 'ਚ ਰੋਕਿਆ ਗਿਆ ਤਾਂ ਕਾਂਗਰਸੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਰਕਰਾਂ ਵੱਲੋਂ ਨਾਹਰੇ ਲਾਉਂਦਿਆਂ ਬੈਰੀਕੇਡ ਤੋੜ ਦਿੱਤੇ ਗਏ, ਜਿਸ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਨਤੀਜੇ ਵੱਜੋਂ ਝੜਪ ਵੱਡੀ ਹੋ ਗਈ।
ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਸੜਕਾਂ 'ਤੇ ਜਾਮ ਤੋਂ ਬਚਣ ਲਈ ਯਾਤਰਾ ਨੂੰ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਭਾਰਤ ਜੋੜੋ ਨਿਆਯਾ ਯਾਤਰਾ ਦੌਰਾਨ ਖਾਨਾਪਾੜਾ ਦੇ ਗੁਹਾਟੀ ਚੌਕ 'ਤੇ ਭਾਰੀ ਭੀੜ ਇਕੱਠੀ ਹੋਈ ਅਤੇ ਢੋਲ-ਢਮਕੇ ਨਾਲ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ।
ਦੱਸ ਦਈਏ ਕਿ ਯਾਤਰਾ ਸੋਮਵਾਰ ਨੂੰ ਮੇਘਾਲਿਆ ਵਿੱਚ ਦਾਖਲ ਹੋਣ ਤੋਂ ਬਾਅਦ ਇਸ ਹਿੱਸੇ ਦੀ ਯਾਤਰਾ ਆਪਣੇ ਆਖਰੀ ਪੜਾਅ ਲਈ ਅਸਾਮ ਵਾਪਸ ਪਰਤੀ, ਜੋ ਰਾਜ ਦੇ ਸਭ ਤੋਂ ਵੱਡੇ ਸ਼ਹਿਰ ਗੁਹਾਟੀ ਦੇ ਬਾਹਰੀ ਹਿੱਸੇ ਵਿੱਚੋਂ ਲੰਘੇਗੀ। ਅਸਾਮ ਵਿੱਚ ਯਾਤਰਾ ਵੀਰਵਾਰ ਤੱਕ ਜਾਰੀ ਰਹੇਗੀ।