Attari border : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਟਾਰੀ ਚੈੱਕ ਪੋਸਟ ਤੇ ਪਸਰਿਆ ਸੰਨਾਟਾ ,ਇੱਕ ਸਾਲ ਵਿੱਚ 71 ਹਜ਼ਾਰ ਲੋਕ ਇਥੋਂ ਲੰਘੇ

Attari border : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜ਼ਮੀਨੀ ਰਸਤਾ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ICP) ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ

By  Shanker Badra April 24th 2025 10:32 AM -- Updated: April 24th 2025 10:40 AM

 Attari border : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜ਼ਮੀਨੀ ਰਸਤਾ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ICP) ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ। ਭਾਰਤ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਆਰਥਿਕ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ।

ਅੱਜ ਅਟਾਰੀ ਚੈੱਕ ਪੋਸਟ 'ਤੇ ਸੰਨਾਟਾ ਪਸਰਿਆ ਹੋਇਆ ਹੈ। ਇਹ ਫੈਸਲਾ ਬੁੱਧਵਾਰ ਨੂੰ ਕੈਬਨਿਟ ਸੁਰੱਖਿਆ ਕਮੇਟੀ ਨੇ ਲਿਆ, ਜਿਸਦੀ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਜਨਤਕ ਕੀਤੀ। ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਸੀ ਕਿ ਜਿਹੜੇ ਯਾਤਰੀ ਪਹਿਲਾਂ ਹੀ ਇਸ ਰਸਤੇ ਰਾਹੀਂ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਜਾ ਚੁੱਕੇ ਹਨ, ਉਨ੍ਹਾਂ ਨੂੰ 1 ਮਈ, 2025 ਤੱਕ ਵਾਪਸ ਆਉਣ ਦੀ ਇਜਾਜ਼ਤ ਹੋਵੇਗੀ।

ਇਸ ਤੋਂ ਬਾਅਦ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਤੋਂ ਪਹਿਲਾਂ ਅੱਗੇ ਸਵੇਰ ਤੋਂ ਹੀ ਇਸ ਚੈੱਕ ਪੋਸਟ 'ਤੇ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ। ਜਿਸ ਕਾਰਨ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਲੋਕ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਾਪਸ ਜਾਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਉਂਦੇ ਸੀ।

ਭਾਰਤ-ਪਾਕਿਸਤਾਨ ਵਪਾਰ ਦਾ ਪ੍ਰਮੁੱਖ ਕੇਂਦਰ ਰਿਹਾ ਅਟਾਰੀ 

ਅਟਾਰੀ ਅੰਮ੍ਰਿਤਸਰ ਤੋਂ ਸਿਰਫ਼ 28 ਕਿਲੋਮੀਟਰ ਦੂਰ ਸਥਿਤ ਹੈ ਅਤੇ ਇਹ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜਾਇਜ਼ ਜ਼ਮੀਨੀ ਰਸਤਾ ਵੀ ਹੈ। ਇਹ ਚੈੱਕ ਪੋਸਟ 120 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਿੱਧੇ ਤੌਰ 'ਤੇ ਰਾਸ਼ਟਰੀ ਰਾਜਮਾਰਗ-1 ਨਾਲ ਜੁੜੀ ਹੋਈ ਹੈ। ਇਹ ਅਫਗਾਨਿਸਤਾਨ ਤੋਂ ਆਉਣ ਵਾਲੇ ਸਮਾਨ ਲਈ ਵੀ ਇੱਕ ਮਹੱਤਵਪੂਰਨ ਰਸਤਾ ਹੈ।

ਅਟਾਰੀ ਲੈਂਡ ਪੋਰਟ ਤੋਂ ਸਾਲ 2023-24 ਦੌਰਾਨ 3,886.53 ਕਰੋੜ ਰੁਪਏ ਦਾ ਵਪਾਰ ਦਰਜ ਕੀਤਾ ਸੀ। ਜਿਸ ਵਿੱਚ 6,871 ਮਾਲ ਢੋਆ-ਢੁਆਈ ਅਤੇ 71,563 ਯਾਤਰੀ ਇਥੋਂ ਲੰਘੇ ਸੀ। ਇਸ ਰਸਤੇ ਰਾਹੀਂ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਮੁੱਖ ਵਸਤੂਆਂ ਵਿੱਚ ਸੋਇਆਬੀਨ, ਚਿਕਨ ਫੀਡ, ਸਬਜ਼ੀਆਂ, ਲਾਲ ਮਿਰਚ, ਪਲਾਸਟਿਕ ਦਾਣਾ ਅਤੇ ਪਲਾਸਟਿਕ ਧਾਗਾ ਸ਼ਾਮਲ ਹੈ। ਇਸ ਦੇ ਨਾਲ ਹੀ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੀਆਂ ਪ੍ਰਮੁੱਖ ਵਸਤੂਆਂ ਵਿੱਚ ਸੁੱਕੇ ਮੇਵੇ, ਖਜੂਰ, ਜਿਪਸਮ, ਸੀਮਿੰਟ, ਕੱਚ, ਸੇਂਧਾ ਨਮਕ ਅਤੇ ਕਈ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਸ਼ਾਮਲ ਹਨ।


Related Post