AAP ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਵਿਜੀਲੈਂਸ ਵੱਲੋਂ ਮੁਕੱਦਮਾ ਦਰਜ , ਨੌਕਰੀ ਬਦਲੇ ਲਈ ਰਿਸ਼ਵਤ
Bathinda News : ਬਠਿੰਡਾ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ (AAP) ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਨੌਕਰੀ ਦਿਵਾਉਣ ਦੇ ਬਦਲੇ ਰਿਸ਼ਵਤ ਮੰਗਣ ਦਾ ਆਰੋਪ ਹੈ। ਵਿਜੀਲੈਂਸ ਬਿਊਰੋ ਨੇ ਸਤਵੀਰ ਕੌਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ
Bathinda News : ਬਠਿੰਡਾ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ (AAP) ਦੀ ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪਿੰਡ ਕਾਲਝਰਾਣੀ ਦੀ ਮੌਜੂਦਾ ਸਰਪੰਚ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਨੌਕਰੀ ਦਿਵਾਉਣ ਦੇ ਬਦਲੇ ਰਿਸ਼ਵਤ ਮੰਗਣ ਦਾ ਆਰੋਪ ਹੈ। ਵਿਜੀਲੈਂਸ ਬਿਊਰੋ ਨੇ ਸਤਵੀਰ ਕੌਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਆਰੋਪ ਹੈ ਕਿ ਉਸਨੇ ਸ਼ਿਕਾਇਤਕਰਤਾ ਨੂੰ ਆਊਟਸੋਰਸਿੰਗ 'ਤੇ ਡਰਾਈਵਰ ਦੀ ਨੌਕਰੀ ਲਗਵਾਈ ਸੀ, ਇਸ ਲਈ ਮਹੀਨਾਵਾਰ ਪੈਸੇ ਲੈਂਦੀ ਸੀ। ਪੈਸੇ ਨਾ ਦੇਣ 'ਤੇ ਉਸਨੂੰ ਨੌਕਰੀ ਤੋਂ ਕਢਵਾ ਦਿੱਤਾ ਗਿਆ।ਵਿਜੀਲੈਂਸ ਇੰਸਪੈਕਟਰ ਰਾਜਨਦੀਪ ਕੌਰ ਨੇ ਕਿਹਾ ਕਿ ਜੇਕਰ ਉਹ ਜਾਂਚ ਵਿੱਚ ਸ਼ਾਮਿਲ ਨਹੀਂ ਹੁੰਦੀ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਮਾਮਲਾ ਜਤਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਜਤਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਉਸਨੇ ਤਤਕਾਲੀ 'ਆਪ' ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਤਵੀਰ ਕੌਰ (ਹੁਣ ਕਾਲਝਰਾਣੀ ਦੀ ਸਰਪੰਚ) ਅਤੇ ਇੱਕ ਰਾਜ ਪੱਧਰੀ ਚੇਅਰਮੈਨ ਵਿਰੁੱਧ ਗੰਭੀਰ ਆਰੋਪ ਲਗਾਏ ਸਨ। ਸਤਵੀਰ ਕੌਰ ਨੂੰ ਬਾਅਦ ਵਿੱਚ ਮਹਿਲਾ ਵਿੰਗ ਦੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਆਊਟਸੋਰਸ 'ਤੇ ਡਰਾਈਵਰ ਲਗਵਾਇਆ ਸੀ
ਇੰਸਪੈਕਟਰ ਰਾਜਨਦੀਪ ਕੌਰ ਨੇ ਪੁਸ਼ਟੀ ਕੀਤੀ ਕਿ ਸਤਵੀਰ ਕੌਰ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 7-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਤਿੰਦਰ ਸਿੰਘ ਨੇ ਨੌਕਰੀ ਲਈ ਸਤਵੀਰ ਕੌਰ ਨਾਲ ਸੰਪਰਕ ਕੀਤਾ ਸੀ। 24 ਜੁਲਾਈ, 2023 ਨੂੰ ਸਤਵੀਰ ਕੌਰ ਨੇ ਉਸਨੂੰ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਰਾਹੀਂ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਵਿੱਚ ਇੱਕ ਆਊਟਸੋਰਸਿੰਗ ਸਕੀਮ ਤਹਿਤ ਡਰਾਈਵਰ ਵਜੋਂ ਨੌਕਰੀ 'ਤੇ ਭਰਤੀ ਕਰਵਾਇਆ ਸੀ।
ਜਦੋਂ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਨੌਕਰੀ ਤੋਂ ਕਢਵਾਇਆ
ਆਰੋਪ ਹੈ ਕਿ ਸਤਵੀਰ ਕੌਰ ਨੇ ਜਤਿੰਦਰ ਸਿੰਘ ਤੋਂ ਪ੍ਰਤੀ ਮਹੀਨਾ 10,000 ਰੁਪਏ ਦੀ ਰਿਸ਼ਵਤ ਮੰਗੀ ਸੀ, ਜੋ ਬਾਅਦ ਵਿੱਚ 8,500 ਪ੍ਰਤੀ ਮਹੀਨਾ 'ਤੇ ਤੈਅ ਹੋਈ। ਜਦੋਂ ਜਤਿੰਦਰ ਸਿੰਘ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦੌਰਾਨ ਜਤਿੰਦਰ ਸਿੰਘ ਨੇ ਆਪਣੀ ਤਨਖਾਹ ਤੋਂ ਰਿਸ਼ਵਤ ਮੰਗਣ ਦੇ ਆਡੀਓ ਅਤੇ ਵੀਡੀਓ ਸਬੂਤ ਰਿਕਾਰਡ ਕੀਤੇ ਸਨ, ਜਿਸ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇੰਸਪੈਕਟਰ ਰਾਜਨਦੀਪ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਜੰਗਲਾਤ ਵਿਭਾਗ ਦੇ ਚੇਅਰਮੈਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਵਿੱਚ ਉਸਦੀ ਸ਼ਮੂਲੀਅਤ ਦਾ ਖੁਲਾਸਾ ਹੁੰਦਾ ਹੈ ਤਾਂ ਉਸਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।