MP Kangana Ranaut ਮਾਣਹਾਨੀ ਮਾਮਲੇ ਚ ਮੁੜ ਪੇਸ਼ ਨਹੀਂ ਹੋਈ, ਬਠਿੰਡਾ ਅਦਾਲਤ ਨੇ 15 ਤਰੀਕ ਪੇਸ਼ ਹੋਣ ਦੇ ਦਿੱਤੇ ਹੁਕਮ
Kangana Ranaut Defamation Case : ਦੱਸ ਦਈਏ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਕੰਗਨਾ ਦੀ ਬਠਿੰਡਾ ਅਦਾਲਤ 'ਚ ਪੇਸ਼ੀ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਨਾ ਰਣੌਤ ਵੱਲੋਂ ਪੇਸ਼ ਹੋਏ ਵਕੀਲ ਨੇ ਉਨ੍ਹਾਂ ਦਾ ਪੱਖ ਰੱਖਿਆ।
MP Kangana Ranaut Defamation Case : ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਤੇ ਬਾਲੀਵੁੱਡ ਅਦਾਕਾਰਾ ਵੀਰਵਾਰ ਮੁੜ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਦੱਸ ਦਈਏ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅੱਜ ਕੰਗਨਾ ਦੀ ਬਠਿੰਡਾ ਅਦਾਲਤ 'ਚ ਪੇਸ਼ੀ ਸੀ, ਪਰ ਉਹ ਪੇਸ਼ ਨਹੀਂ ਹੋਈ। ਕੰਗਨਾ ਰਣੌਤ ਵੱਲੋਂ ਪੇਸ਼ ਹੋਏ ਵਕੀਲ ਨੇ ਉਨ੍ਹਾਂ ਦਾ ਪੱਖ ਰੱਖਿਆ।
ਜਾਣਕਾਰੀ ਅਨੁਸਾਰ, ਬਠਿੰਡਾ ਅਦਾਲਤ ਨੇ ਕੰਗਨਾ ਰਣੌਤ ਨੂੰ 15 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੀ ਬੇਬੇ ਮਹਿੰਦਰ ਕੌਰ ਵੀ ਅੱਜ ਅਦਾਲਤ ਵਿੱਚ ਪੇਸ਼ ਹੋਈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਬੀਬੀ ਮਹਿੰਦਰ ਕੌਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਅਸੀਂ ਆਪਣੇ ਇਨਸਾਫ਼ ਲਈ ਅਦਾਲਤ ਦੇ ਚੱਕਰ ਕੱਟ ਰਹੇ ਹਾਂ, ਹੁਣ ਅਸੀਂ ਉਨ੍ਹਾਂ ਨੂੰ ਕਿਉਂ ਮਾਫ਼ ਕਰੀਏ।ਅੱਜ ਮਾਣਹਾਨੀ ਦੇ ਕੇਸ ਵਿੱਚ ਗਵਾਹੀ ਦੇਣ ਲਈ ਦੋ ਲੋਕਾਂ ਨੂੰ ਬੁਲਾਇਆ ਗਿਆ ਸੀ।
ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਬੂਤ ਪੇਸ਼ ਕੀਤੇ ਹਨ ਅਤੇ ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 15 ਦਸੰਬਰ ਨਿਰਧਾਰਤ ਕੀਤੀ ਹੈ, ਜਿਸ ਵਿੱਚ ਅਸੀਂ ਕਿਹਾ ਹੈ ਕਿ ਕੰਗਨਾ ਰਣੌਤ ਨਿੱਜੀ ਤੌਰ 'ਤੇ ਪੇਸ਼ ਹੋਵੇ।
ਪਿਛਲੀ ਸੁਣਵਾਈ ਦੌਰਾਨ ਕੰਗਨਾ ਖਿਲਾਫ਼ ਹੋਏ ਸਨ ਚਾਰਜ ਫਰੇਮ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਵੱਲੋਂ ਪਿਛਲੀ ਸੁਣਵਾਈ ਦੌਰਾਨ ਵੀ ਨਿੱਜੀ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਗਈ ਸੀ, ਪਰੰਤੂ ਅਦਾਲਤ ਨੇ ਰਾਹਤ ਨਹੀਂ ਦਿੱਤੀ ਸੀ। ਕੰਗਨਾ ਦੇ ਵਕੀਲਾਂ ਨੇ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਨੇ ਆਉਣ ਵਾਲੀਆਂ ਸੁਣਵਾਈਆਂ ਵਿੱਚ ਅਦਾਕਾਰਾ ਲਈ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਇਸ ਸੁਣਵਾਈ ਦੌਰਾਨ ਕੰਗਨਾ ਖਿਲਾਫ਼ ਅਦਾਲਤ ਨੇ ਚਾਰਜ ਫਰੇਮ ਕੀਤੇ ਸਨ।
ਕੀ ਹੈ ਪੂਰਾ ਮਾਮਲਾ ? ਪਿਛਲੀ ਸੁਣਵਾਈ ਦੌਰਾਨ ਕੰਗਨਾ ਨੇ ਮੰਗੀ ਸੀ ਮਾਫ਼ੀ
ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ, ਜੋ ਕਿ ਇੱਕ ਔਰਤ ਸੀ ਜੋ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ 100 ਰੁਪਏ ਪ੍ਰਤੀ ਵਿਅਕਤੀ ਲੈ ਰਹੀ ਸੀ। ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।