ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਸਿੰਘ ਬਾਦਲ, ਵਿਦੇਸ਼ਾਂ 'ਚ ਫਸੇ ਪੰਜਾਬੀਆਂ ਲਈ ਕੀਤੀ ਅਰਦਾਸ
Sukhbir Singh Badal : ਹੋਲਾ ਮਹੱਲਾ (Hola Mohalla) ਦੇ ਪਾਵਨ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੁਖਬੀਰ ਸਿੰਘ ਬਾਦਲ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਲੋਕਾਂ ਅਤੇ ਖ਼ਾਲਸਾ ਪੰਥ ਨੂੰ ਵਧਾਈ ਦਿੱਤੀ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰਹਿਣ ਲਈ ਅਰਦਾਸ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾਂ ਭਾਈਚਾਰੇ ਦੀ ਧਰਤੀ ਰਿਹਾ ਹੈ ਅਤੇ ਸੂਬੇ ਵਿੱਚ ਇਕਤਾ ਤੇ ਪਿਆਰ ਦੀ ਭਾਵਨਾ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਚਿੰਤਾਜਨਕ ਹਨ ਅਤੇ ਕਈ ਪਰਿਵਾਰ ਦੁੱਖ-ਚਿੰਤਾ ਦਾ ਸਾਹਮਣਾ ਕਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ (Helpline for Indians stuck in Iran War) ਦੀ ਸਹਾਇਤਾ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਵੱਲੋਂ ਫੋਨ ਆ ਰਹੇ ਹਨ, ਪਰ ਬਹੁਤਿਆਂ ਨੂੰ ਸਥਿਤੀ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਕਿਉਂਕਿ ਹਵਾਈ ਸੇਵਾਵਾਂ ਬੰਦ ਹੋਣ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਲੋਕਾਂ ਦੀ ਸਹਾਇਤਾ ਲਈ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਸੰਭਵ ਹੋਵੇ, ਉਹ ਆਪਣੇ ਭਰਾਵਾਂ ਦੀ ਮਦਦ ਲਈ ਅੱਗੇ ਆਉਣ।ਇਰਾਨ-ਇਜ਼ਰਾਈਲ ਵਿੱਚ ਅੱਜ ਜੋ ਬੇਹੱਦ ਤਣਾਅ-ਪੂਰਨ ਹਾਲਾਤ ਬਣੇ ਹੋਏ ਹਨ, ਉਸ ਦੌਰਾਨ ਅਨੇਕਾਂ ਪੰਜਾਬੀ ਇਹਨਾਂ ਮੁਲਕਾਂ ਵਿੱਚ ਫਸੇ ਹੋਏ ਹਨ। ਸੰਕਟ ਦੀ ਇਸ ਘੜੀ ਵਿੱਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬੀ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਤੇ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਲਈ ਤਿਆਰ-ਬਰ-ਤਿਆਰ ਹੈ।
ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਜੇਕਰ ਕੋਈ ਵੀ ਵਿਅਕਤੀ, ਪਰਿਵਾਰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ-ਦੋਸਤ ਨੂੰ ਇਹਨਾਂ ਮੁਲਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ੍ਹ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋੰ ਜਾਰੀ ਕੀਤੇ ਹੈੱਲਪਲਾਈਨ ਨੰਬਰ 91 9501287100 ‘ਤੇ ਸੰਪਰਕ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਹਮੇਸ਼ਾਂ ਮੁਸ਼ਕਲ ਵੇਲੇ ਇਕ-ਦੂਜੇ ਦਾ ਸਹਾਰਾ ਬਣਦੇ ਆਏ ਹਨ ਅਤੇ ਇਸ ਵਾਰ ਵੀ ਸਾਰੇ ਮਿਲ ਕੇ ਸਹਿਯੋਗ ਕਰਨ।
- PTC NEWS