'ਕੇਵਲ ਬਿਆਨਬਾਜ਼ੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ...'; ਅਮਿਤ ਸ਼ਾਹ ਦੇ ਧਰਮ ਪਰਿਵਰਤਨ ਬਾਰੇ ਬਿਆਨ ਦਾ SGPC ਲਿਆ ਸਖਤ ਪ੍ਰਤੀਕਰਮ
SGPC on Amit Shah Statement : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਧਰਮ ਪਰਿਵਰਤਨ ਦੇ ਮਾਮਲੇ 'ਤੇ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਕੇਵਲ ਬਿਆਨਬਾਜ਼ੀ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲਦਾ, ਸਗੋਂ ਸਰਕਾਰ ਨੂੰ ਇਸ ਸੰਵੇਦਨਸ਼ੀਲ ਮੁੱਦੇ 'ਤੇ ਢੁੱਕਵੇਂ ਅਤੇ ਢੰਗ ਨਾਲ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਅਕਸਰ ਜਿਸਨੂੰ ਧਰਮ ਪਰਿਵਰਤਨ ਕਿਹਾ ਜਾਂਦਾ ਹੈ, ਅਸਲ ਵਿੱਚ ਉਹ “ਧਰਮ ਪਰਿਵਰਤਨ” ਨਹੀਂ ਸਗੋਂ “ਲਾਲਚ ਪਰਿਵਰਤਨ” ਹੁੰਦਾ ਹੈ। ਧਾਮੀ ਨੇ ਦਲੀਲ ਦਿੱਤੀ ਕਿ ਕੁਝ ਤੱਤ ਆਰਥਿਕ ਲਾਭ ਜਾਂ ਹੋਰ ਲਾਲਚ ਦੇ ਜ਼ਰੀਏ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ, ਜੋ ਕਿ ਚਿੰਤਾਜਨਕ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ਼ ਧਾਰਮਿਕ ਨਹੀਂ, ਸਗੋਂ ਸਮਾਜਿਕ ਅਤੇ ਨੈਤਿਕ ਪੱਖ ਤੋਂ ਵੀ ਗੰਭੀਰ ਹੈ, ਜਿਸ ‘ਤੇ ਗੰਭੀਰ ਵਿਚਾਰ ਅਤੇ ਕਾਰਵਾਈ ਦੀ ਲੋੜ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਸਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਸਮਿਆਂ ਵਿੱਚ ਪੰਜਾਬ ਅੰਦਰ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚਰਚਾ ਰਹੀ, ਪਰ ਹੁਣ ਇਸ ਪ੍ਰਵਿਰਤੀ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਹਾਲਾਤ ਕਾਫ਼ੀ ਹੱਦ ਤੱਕ ਸੁਧਰੇ ਹਨ।
ਇਸ ਦੇ ਨਾਲ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਵੇਚਣ ਦੇ ਮਾਮਲੇ ‘ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਗੁਰਦੁਆਰਾ ਸਾਹਿਬਾਨ ਦੀ ਸੰਪਤੀ ਦਾ ਪ੍ਰਬੰਧ ਉਥੋਂ ਦੇ ਔਕਾਫ ਬੋਰਡ ਦੇ ਹੱਥ ਵਿੱਚ ਹੈ ਅਤੇ ਇਹ ਜ਼ਮੀਨਾਂ ਲਗਾਤਾਰ ਵੇਚੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਦੁੱਖਦਾਈ ਗੱਲ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਨਹੀਂ ਹੈ, ਜਿਸ ਕਰਕੇ ਇਸ ਸਬੰਧੀ ਕਮੇਟੀ ਦੇ ਅਧਿਕਾਰ ਸੀਮਿਤ ਹਨ। ਫਿਰ ਵੀ, ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਠਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ।
ਅੰਤ ਵਿੱਚ ਧਾਮੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਮਿਲ ਕੇ ਇਸ ਤਰ੍ਹਾਂ ਦੇ ਮਾਮਲਿਆਂ ‘ਤੇ ਸੰਵੇਦਨਸ਼ੀਲਤਾ ਅਤੇ ਦ੍ਰਿੜਤਾ ਨਾਲ ਕੰਮ ਕਰਨ ਦੀ ਲੋੜ ਹੈ, ਤਾਂ ਜੋ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ, ਸੰਪਤੀ ਅਤੇ ਮਰਿਆਦਾ ਕਾਇਮ ਰਹੇ।
- PTC NEWS