ਭਗਵੰਤ ਮਾਨ ਪੰਜਾਬ ਦੇ ਸਨਅਤਕਾਰਾਂ ਨੂੰ ਸੰਭਾਲਣ ਦੇ ਸਮਰੱਥ ਨਹੀਂ : ਬਾਜਵਾ

By  Ravinder Singh January 28th 2023 09:25 PM

ਚੰਡੀਗੜ੍ਹ : ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 'ਆਪ' ਸਰਕਾਰ ਪੰਜਾਬ ਦੇ ਉੱਘੇ ਉਦਯੋਗਪਤੀਆਂ ਨੂੰ ਕਾਰੋਬਾਰ ਕਰਨ ਤੇ ਸੂਬੇ ਦੇ ਵਿਕਾਸ 'ਚ ਯੋਗਦਾਨ ਨਹੀਂ ਪਾਉਣ ਦੇ ਰਹੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਨਅਤਕਾਰਾਂ ਨੂੰ ਪ੍ਰੇਰਿਤ ਕਰਨ ਵਿਚ ਅਸਫਲ ਰਹੀ।


ਪੰਜਾਬ ਦੇ ਕੁਝ ਉੱਘੇ ਕਾਰੋਬਾਰੀ ਘਰਾਣਿਆਂ ਵੱਲੋਂ ਉੱਤਰ ਪ੍ਰਦੇਸ਼ ਵੱਲ ਹਿਜਰਤ ਕਰਨ ਦੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਦਸੰਬਰ 'ਚ ਜਦੋਂ ਮੁੱਖ ਮੰਤਰੀ ਮਾਨ ਨਿਵੇਸ਼ ਦੀ ਭਾਲ 'ਚ ਕੁਝ ਦੱਖਣੀ ਸੂਬਿਆਂ ਦਾ ਦੌਰਾ ਕਰ ਰਹੇ ਸਨ ਤਾਂ ਪੰਜਾਬ ਦੇ ਕਈ ਸਨਅਤਕਾਰਾਂ ਨੇ ਉੱਤਰ ਪ੍ਰਦੇਸ਼ 'ਚ ਪਰਵਾਸ ਕਰਨ ਦੇ ਸਮਝੌਤੇ ਕੀਤੇ ਸਨ। ਸਰਕਾਰ ਇਸ ਦੌਰਾਨ ਮੁੱਖ ਮੰਤਰੀ ਹਾਲ ਹੀ 'ਚ ਮੁੰਬਈ ਤੋਂ ਵਾਪਸ ਆਏ ਸਨ, ਜਿੱਥੇ ਉਹ ਨਿਵੇਸ਼ ਦੇ ਮੌਕਿਆਂ ਦੀ ਖੋਜ ਕਰਨ ਲਈ ਗਏ ਸਨ ਤੇ ਪੰਜਾਬ ਦੇ 29 ਵੱਡੇ ਕਾਰਪੋਰੇਟਾਂ ਨੇ ਯੂਪੀ ਸਰਕਾਰ ਨਾਲ ਮੁੜ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ।


ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼

ਉਨ੍ਹਾਂ ਕਿਹਾ, 'ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ 'ਚ ਹੀ ਰਹਿਣ ਤੇ ਦੂਜੇ ਰਾਜਾਂ ਤੋਂ ਨਿਵੇਸ਼ ਦੀ ਭਾਲ 'ਚ ਭਟਕਣ ਤੋਂ ਪਹਿਲਾਂ ਮੌਜੂਦਾ ਉਦਯੋਗਪਤੀਆਂ ਦੀਆਂ ਲੋੜਾਂ ਤੇ ਮੰਗਾਂ ਵੱਲ ਧਿਆਨ ਦੇਣ। ਇਕ ਵਾਰ ਮੌਜੂਦਾ ਉਦਯੋਗਾਂ ਨੂੰ ਸੁਰੱਖਿਅਤ ਕਰਨ ਤੋਂ ਬਾਅਦ ਦੂਜੇ ਰਾਜਾਂ ਤੋਂ ਨਿਵੇਸ਼ ਆਕਰਸ਼ਿਤ ਕਰਨ ਲਈ ਇਕ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਨਅਤਕਾਰਾਂ ਵੱਲੋਂ ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਤੇ ਉਦਯੋਗ ਤੇ ਵਪਾਰ ਨੀਤੀ ਦੀ ਘਾਟ ਉਨ੍ਹਾਂ ਦੇ ਉੱਤਰ ਪ੍ਰਦੇਸ਼ ਜਾਣ ਦਾ ਮੁੱਖ ਕਾਰਨ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਹਾਲਾਂਕਿ ਮਾਨ ਸਰਕਾਰ ਦੋਵਾਂ ਮੁੱਦਿਆਂ 'ਤੇ ਕੰਮ ਕਰਨ 'ਚ ਬੁਰੀ ਤਰ੍ਹਾਂ ਅਸਫਲ ਰਹੀ ਹੈ।


Related Post