Fatehgarh Sahib : ਪਿੰਡ ਬਡਗੁਜਰਾਂ ਚ ਰੇਹੜੀ ਬੇਕਾਬੂ ਹੋ ਕੇ ਟੋਭੇ ਚ ਡਿੱਗੀ, ਭੂਆ-ਭਤੀਜੇ ਦੀ ਮੌਤ, ਇੱਕ ਬੱਚੇ ਦੀ ਹਾਲਤ ਗੰਭੀਰ
Mandi Gobindgarh Accident : ਇਸ ਭਿਆਨਕ ਹਾਦਸੇ ਵਿੱਚ ਭੂਆ ਦਾ ਪੰਜ ਸਾਲਾ ਮਾਸੂਮ ਮੁੰਡਾ ਵੈਂਟੀਲੇਟਰ 'ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਇਸ ਘਟਨਾ ਨਾਲ ਪੂਰਾ ਇਲਾਕਾ ਗਮਗੀਨ ਹੋ ਗਿਆ। ਦੱਸ ਦਈਏ ਕਿ ਭੂਆ ਆਪਣੇ ਬੇਟੇ ਸਮੇਤ ਪੇਕੇ ਛੁੱਟੀਆਂ ਕੱਟਣ ਆਈ ਹੋਈ ਸੀ।
Mandi Gobindgarh Accident : ਮੰਡੀ ਗੋਬਿੰਦਗੜ੍ਹ ਨਜ਼ਦੀਕ ਪਿੰਡ ਬਡਗੁਜਰਾ ਵਿੱਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਪਿੰਡ ਦੇ ਟੋਭੇ ਵਿੱਚ ਡੁੱਬਣ ਨਾਲ ਭੂਆ-ਭਤੀਜੇ ਦੀ ਮੌਤ ਹੋ ਗਈ, ਜਦੋਂ ਕਿ ਭੂਆ ਦਾ ਪੰਜ ਸਾਲਾ ਮਾਸੂਮ ਮੁੰਡਾ ਵੈਂਟੀਲੇਟਰ 'ਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਇਸ ਘਟਨਾ ਨਾਲ ਪੂਰਾ ਇਲਾਕਾ ਗਮਗੀਨ ਹੋ ਗਿਆ। ਦੱਸ ਦਈਏ ਕਿ ਭੂਆ ਆਪਣੇ ਬੇਟੇ ਸਮੇਤ ਪੇਕੇ ਛੁੱਟੀਆਂ ਕੱਟਣ ਆਈ ਹੋਈ ਸੀ।
ਬੱਚਿਆਂ ਸਮੇਤ ਰਿਕਸ਼ਾ ਰੇਹੜੀ 'ਤੇ ਪਾਥੀਆਂ ਲੈ ਕੇ ਜਾ ਰਹੀ ਸੀ ਕਰਮਜੀਤ ਕੌਰ
ਇਹ ਦਰਦਨਾਕ ਹਾਦਸਾ ਉਦੋਂ ਵਾਪਰਿਆ, ਜਦੋਂ ਇੱਕ ਮਹਿਲਾ ਆਪਣੇ ਭਤੀਜੇ ਅਤੇ ਮੁੰਡੇ ਨਾਲ ਰਿਕਸ਼ਾ ਰੇਹੜੀ 'ਤੇ (ਪਾਥੀਆਂ) ਲੈ ਕੇ ਜਾ ਰਹੀ ਸੀ, ਰਸਤੇ ਵਿੱਚ ਢਲਾਣ ਹੋਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਕੇ ਟੋਭੇ ਵਿੱਚ ਪਲਟ ਗਈ ਅਤੇ ਤਿੰਨੇ ਟੋਭੇ ਦੇ ਪਾਣੀ ਵਿੱਚ ਡਿੱਗ ਪਏ ਅਤੇ ਗਾਰ ਵਿੱਚ ਫਸ ਗਏ।
ਘਟਨਾ ਦੇ ਤੁਰੰਤ ਬਾਅਦ ਖੇਤਾਂ ਵਿੱਚ ਕਣਕ ਦੀ ਕਟਾਈ ਕਰ ਰਹੇ ਬਲਜਿੰਦਰ ਸਿੰਘ ਨਾਮਕ ਨੌਜਵਾਨ ਨੇ ਹਿੰਮਤ ਦਿਖਾਉਂਦਿਆਂ ਟੋਭੇ ਵਿੱਚ ਛਾਲ ਮਾਰ ਕੇ ਔਰਤ ਅਤੇ ਉਸ ਦੇ 5 ਸਾਲਾ ਬੱਚੇ ਨੂੰ ਬਾਹਰ ਕੱਢ ਲਿਆ। ਇਸ ਦੌਰਾਨ ਬੱਚੇ ਦੇ ਦਾਦਾ ਗੁਰਦਾਸ ਸਿੰਘ ਨੇ ਵੀ ਬਚਾਅ ਲਈ ਪਾਣੀ ਵਿੱਚ ਛਾਲ ਮਾਰੀ। ਪਰੰਤੂ 12 ਸਾਲਾ ਅਨੰਤਵੀਰ ਸਿੰਘ ਟੋਭੇ ਦੇ ਡੂੰਘੇ ਪਾਣੀ ਅਤੇ ਦਲਦਲ ਵਿੱਚ ਫਸ ਗਿਆ। ਲਗਭਗ ਡੇਢ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਡਾਕਟਰਾਂ ਮੁਤਾਬਕ, ਜ਼ਖ਼ਮੀ 5 ਸਾਲਾ ਵਿਵੇਕ ਸਿੰਘ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਕਰਮਜੀਤ ਕੌਰ ਦੀ ਵੀ ਮੌਤ ਹੋ ਗਈ। ਜਦਕਿ ਵਿਵੇਕ ਸਿੰਘ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਵੈਂਟੀਲੇਟਰ 'ਤੇ ਹੈ।
ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਅਨੰਤਵੀਰ ਸਿੰਘ ਦੇ ਪਿਤਾ ਕੁਲਵਿੰਦਰਜੀਤ ਸਿੰਘ ਰੋਜ਼ੀ-ਰੋਟੀ ਲਈ ਮਲੇਸ਼ੀਆ ਵਿੱਚ ਰਹਿੰਦੇ ਹਨ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।